ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਬੁੱਧਵਾਰ ਨੂੰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਯੂ.ਐੱਨ. ਮਹਿਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਹੀਰਾਬੇਨ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਬਲਗਮ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਠੰਡ ਦੇ ਮੌਸਮ ‘ਚ ਉਨ੍ਹਾਂ ਨੂੰ ਬਲਗਮ ਦੀ ਸ਼ਿਕਾਇਤ ਵਧ ਜਾਂਦੀ ਹੈ। ਇਹ ਸਮੱਸਿਆ ਵਧਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਹੀਰਾਬੇਨ ਦਾ ਅੱਜ ਕਈ ਮੈਡੀਕਲ ਚੈਕਅੱਪ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦਾ ਹਾਲ-ਚਾਲ ਪੁੱਛਣ ਲਈ ਵੱਡੀ ਗਿਣਤੀ ‘ਚ ਭਾਜਪਾ ਵਿਧਾਇਕ ਅਤੇ ਹੋਰ ਲੋਕ ਹਸਪਤਾਲ ਦੇ ਬਾਹਰ ਪਹੁੰਚ ਗਏ ਹਨ। ਖ਼ਬਰ ਹੈ ਕਿ ਪੀਐਮ ਮੋਦੀ ਵੀ ਮਾਂ ਦਾ ਹਾਲਚਾਲ ਜਾਣਨ ਅਹਿਮਦਾਬਾਦ ਪਹੁੰਚ ਚੁੱਕੇ ਹਨ।
ਰਾਹੁਲ ਗਾਂਧੀ ਤੋਂ ਬਾਅਦ ਪ੍ਰਿਅੰਕਾ ਵਾਡਰਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਲਈ ਟਵੀਟ ਕੀਤਾ। ਉਨ੍ਹਾਂ ਕਿਹਾ- ਔਖੇ ਸਮੇਂ ਵਿੱਚ ਅਸੀਂ ਤੁਹਾਡੇ ਨਾਲ ਹਾਂ। ਤੁਹਾਡੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।
ਇਹ ਵੀ ਪੜ੍ਹੋ : ‘ਬਰਫ਼ੀਲੀ ਠੰਡ ‘ਚ ਅਸਮਾਨ ਹੇਠ ਸੌਂ ਰਹੇ ਲਤੀਫਪੁਰਾ ਦੇ ਬੇਘਰ ਲੋਕ’, ਸੋਮ ਪ੍ਰਕਾਸ਼ ਨੇ ਲਿਖੀ CM ਮਾਨ ਨੂੰ ਚਿੱਠੀ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੀ ਖਰਾਬ ਸਿਹਤ ਬਾਰੇ ਟਵੀਟ ਕੀਤਾ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਰਾਹੁਲ ਗਾਂਧੀ ਨੇ ਲਿਖਿਆ, ‘ਮਾਂ ਅਤੇ ਬੇਟੇ ਦਾ ਪਿਆਰ ਸਦੀਵੀਂ ਅਤੇ ਅਨਮੋਲ ਹੈ। ਮੋਦੀ ਜੀ, ਇਸ ਔਖੀ ਘੜੀ ਵਿੱਚ ਮੇਰਾ ਪਿਆਰ ਅਤੇ ਸਮਰਥਨ ਤੁਹਾਡੇ ਨਾਲ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਮਾਂ ਜਲਦੀ ਠੀਕ ਹੋ ਜਾਵੇਗੀ।’
ਇਸ ਸਾਲ 18 ਜੂਨ ਨੂੰ ਹੀਰਾਬੇਨ ਨੇ ਆਪਣੇ ਜੀਵਨ ਦੇ ਸੌਵੇਂ ਸਾਲ ਵਿੱਚ ਪ੍ਰਵੇਸ਼ ਕੀਤਾ ਸੀ। ਪੀਐੱਮ ਮੋਦੀ ਅਕਸਰ ਆਪਣੀ ਮਾਂ ਨੂੰ ਮਿਲਣ ਜਾਂਦੇ ਹਨ। ਹੀਰਾਬੇਨ ਆਪਣੇ ਛੋਟੇ ਬੇਟੇ ਪੰਕਜ ਮੋਦੀ ਨਾਲ ਗਾਂਧੀਨਗਰ ਵਿੱਚ ਰਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -: