ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ‘ਤੇ ਛੇੜਛਾੜ ਅਤੇ ਮਾਨਸਿਕ ਪਰੇਸ਼ਾਨੀ ਦੇ ਦੋਸ਼ ਲਗਾਉਣ ਵਾਲੀ ਜੂਨੀਅਰ ਅਥਲੈਟਿਕਸ ਕੋਚ ਨੇ ਅੱਜ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਜੇ ਖੇਡ ਮੰਤਰੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਅਜਿਹੀਆਂ ਹੋਰ ਔਰਤਾਂ ਸਾਹਮਣੇ ਆਉਣਗੀਆਂ, ਜਿਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ। ਕੋਚ ਨੇ ਦੋਸ਼ ਲਾਇਆ ਕਿ ਉਸ ਨੇ ਕਈ ਵਾਰ ਸੰਦੀਪ ਸਿੰਘ ਨੂੰ ਮਨ੍ਹਾ ਕੀਤਾ ਪਰ ਉਸ ਦੀਆਂ ਹਰਕਤਾਂ ਜਾਰੀ ਰਹੀਆਂ। ਆਖਿਰ ਕਦੋਂ ਕੋਈ ਕੋਈ ਇਨਸਾਨ ਚੁੱਪ ਰਹੇਗਾ?
ਕੋਚ ਨੇ ਕਿਹਾ ਕਿ ਖੇਡ ਮੰਤਰੀ ਨੇ ਫਰਵਰੀ ਤੋਂ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ। ਉਸ ਨੇ ਕਿਹਾ ਕਿ ਇੱਕ ਵੇਲਾ ਆਉਂਦਾ ਹੈ ਜਦੋਂ ਤੁਹਾਨੂੰ ਆਪਣੀ ਆਵਾਜ਼ ਉਠਾਉਣੀ ਪੈਂਦੀ ਹੈ। ਖੇਡ ਮੰਤਰੀ ਨੇ ਅਧਿਕਾਰਤ ਤੌਰ ‘ਤੇ ਮੈਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਹੈ। ਉਸ ਨੇ ਕਿਹਾ ਕਿ ਉਸ ਦੀ ਸ਼ਿਕਾਇਤ ’ਤੇ ਖੇਡ ਮੰਤਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਭਰੋਸਾ ਹੈ ਕਿ ਉਸ ਨੂੰ ਇਨਸਾਫ਼ ਮਿਲੇਗਾ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਿਕਾਇਤਕਰਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਹ ਖੇਡ ਮੰਤਰੀ ਅਤੇ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ।
ਕੋਚ ਨੇ ਪਹਿਲਾਂ ਕਿਹਾ ਸੀ ਕਿ ਮੰਤਰੀ ਨੇ ਪਿਛਲੇ ਸਾਲ ਫਰਵਰੀ ਤੋਂ ਨਵੰਬਰ ਤੱਕ ਸੋਸ਼ਲ ਮੀਡੀਆ ‘ਤੇ ਵਾਰ-ਵਾਰ ਮੈਸੇਜ ਭੇਜ ਕੇ ਉਸ ਨੂੰ ਪ੍ਰੇਸ਼ਾਨ ਕੀਤਾ। ਉਸ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਅਤੇ ਮੈਸੇਜ ਰਾਹੀਂ ਧਮਕੀਆਂ ਵੀ ਦਿੱਤੀਆਂ। ਕੋਚ ਨੇ ਦੋਸ਼ ਲਾਇਆ ਕਿ ਲਗਾਤਾਰ ਪ੍ਰੇਸ਼ਾਨੀ ਕਰਕੇ ਉਸ ਨੂੰ ਸੋਸ਼ਲ ਮੀਡੀਆ ਛੱਡਣਾ ਪਿਆ।
ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਦੋਸ਼ਾਂ ਨੂੰ ‘ਉਸ ਦਾ ਅਕਸ ਖ਼ਰਾਬ ਕਰਨ’ ਦੀ ਕੋਸ਼ਿਸ਼ ਵਜੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਉਮੀਦ ਹੈ ਕਿ ਮੇਰੇ ‘ਤੇ ਲਗਾਏ ਗਏ ਝੂਠੇ ਦੋਸ਼ਾਂ ਦੀ ਪੂਰੀ ਜਾਂਚ ਹੋਵੇਗੀ। ਜਾਂਚ ਰਿਪੋਰਟ ਆਉਣ ਤੱਕ ਮੈਂ ਖੇਡ ਵਿਭਾਗ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਨੂੰ ਸੌਂਪਦਾ ਹਾਂ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਸੰਦੀਪ ਸਿੰਘ, ਜੋ ਕਿ ਰਾਸ਼ਟਰੀ ਹਾਕੀ ਟੀਮ ਦਾ ਸਾਬਕਾ ਕਪਤਾਨ ਹੈ, ਨੇ ਉਸ ਨੂੰ ਪਹਿਲਾਂ ਇੱਕ ਜਿੰਮ ਵਿੱਚ ਦੇਖਿਆ ਅਤੇ ਫਿਰ ਉਸ ਨਾਲ ਇੰਸਟਾਗ੍ਰਾਮ ‘ਤੇ ਸੰਪਰਕ ਕੀਤਾ। ਬਾਅਦ ਵਿੱਚ ਮੰਤਰੀ ਉਸ ਨੂੰ ਮਿਲਣ ਦੀ ਜ਼ਿੱਦ ਕਰਦਾ ਰਿਹਾ। ਉਸਨੇ ਕਿਹਾ ਕਿ ਉਸਨੇ ਮੈਨੂੰ ਇੰਸਟਾਗ੍ਰਾਮ ‘ਤੇ ਮੈਸੇਜ ਕੀਤਾ ਅਤੇ ਕਿਹਾ ਕਿ ਮੇਰਾ ਨੈਸ਼ਨਲ ਖੇਡ ਸਰਟੀਫਿਕੇਟ ਪੈਂਡਿੰਗ ਹੈ ਅਤੇ ਇਸ ਸਬੰਧ ਵਿੱਚ ਮਿਲਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : BCCI ਨੇ ਰਿਸ਼ਭ ਪੰਤ ਨੂੰ ਚੁਣਿਆ ਸਾਲ 2022 ਦਾ ਟੌਪ ਪਰਫਾਰਮਰ, ਵਿਰਾਟ-ਰੋਹਿਤ ਦਾ ਨਾਂ ਸ਼ਾਮਲ ਨਹੀਂ
ਕੋਚ ਨੇ ਕਿਹਾ ਕਿ ਬਦਕਿਸਮਤੀ ਨਾਲ ਮੇਰੀ ਫੈਡਰੇਸ਼ਨ ਨੇ ਮੇਰਾ ਸਰਟੀਫਿਕੇਟ ਗੁਆ ਦਿੱਤਾ ਹੈ ਅਤੇ ਮੈਂ ਇਹ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਉਠਾ ਰਹੀ ਹਾਂ।
ਮਹਿਲਾ ਕੋਚ ਨੇ ਕਿਹਾ ਕਿ ਅਖੀਰ ਉਹ ਆਪਣੇ ਕੁਝ ਦਸਤਾਵੇਜ਼ਾਂ ਦੇ ਨਾਲ ਉਸ ਦੇ ਰਿਹਾਇਸ਼-ਕਮ-ਕੈਂਪ ਦਫਤਰ ਵਿੱਚ ਉਸ ਨੂੰ ਮਿਲਣ ਲਈ ਰਾਜ਼ੀ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਹ ਉੱਥੇ ਗਈ ਤਾਂ ਮੰਤਰੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ।
ਵੀਡੀਓ ਲਈ ਕਲਿੱਕ ਕਰੋ -: