ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪਾਰਾ ਜ਼ੀਰੋ ਦੇ ਨੇੜੇ ਆ ਗਿਆ ਹੈ। ਬਠਿੰਡਾ ਵਿੱਚ 0.4 ਡਿਗਰੀ, ਹੁਸ਼ਿਆਰਪੁਰ ਵਿੱਚ 0.6 ਅਤੇ ਗੁਰਦਾਸਪੁਰ ਵਿੱਚ 0.9 ਡਿਗਰੀ ਸੈਲਸੀਅਸ ਪਾਰਾ ਦਰਜ ਕੀਤਾ ਗਿਆ। ਹਵਾਵਾਂ ਦੀ ਰਫ਼ਤਾਰ ਮੱਠੀ ਹੋਣ ਕਾਰਨ ਸੋਮਵਾਰ ਦੁਪਹਿਰ ਤੱਕ ਕਈ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ।
ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਪੰਜ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। 7 ਜਨਵਰੀ ਤੱਕ ਲੋਕਾਂ ਨੂੰ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਸਵੇਰੇ ਅਤੇ ਸ਼ਾਮ ਨੂੰ ਲਗਭਗ ਸਾਰੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ।
ਪੱਛਮੀ ਮਾਲਵਾ (ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ) ਦੇ ਖੇਤਰਾਂ ਵਿੱਚ ਸੀਤ ਲਹਿਰ ਜਾਰੀ ਰਹੇਗੀ। ਰਾਤ ਦੇ ਨਾਲ-ਨਾਲ ਦਿਨ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ। ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿੱਚ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਤੋਂ ਵੱਧ ਦਰਜ ਨਹੀਂ ਕੀਤਾ ਗਿਆ ਹੈ। ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 7.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸੰਘਣੀ ਧੁੰਦ ਕਾਰਨ ਸੋਮਵਾਰ ਨੂੰ ਅੰਮ੍ਰਿਤਸਰ ਵਿੱਚ 25 ਮੀਟਰ ਅਤੇ ਪਟਿਆਲਾ ਅਤੇ ਚੰਡੀਗੜ੍ਹ ਵਿੱਚ 50 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ ਹੈ। ਫਿਲਹਾਲ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਪੰਜ ਦਿਨ ਮੌਸਮ ਖੁਸ਼ਕ ਰਹੇਗਾ।
ਇਹ ਵੀ ਪੜ੍ਹੋ : ਛੁੱਟੀਆਂ ‘ਚ ਸਕੂਲ ਖੋਲ੍ਹਣ ਵਾਲੇ ਪ੍ਰਾਈਵੇਟ ਸਕੂਲਾਂ ‘ਤੇ ਸਰਕਾਰ ਦਾ ਐਕਸ਼ਨ, ਰੋਪੜ ‘ਚ ਨੋਟਿਸ ਜਾਰੀ
ਦੱਸ ਦੇਈਏ ਕਿ ਵਧਦੀ ਠੰਡ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਵਿੱਚ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਹਨ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਛੋਟੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਰਾਜ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ 8 ਜਨਵਰੀ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: