ਆਧਾਰ ਕਾਰਡ ‘ਤੇ ਪਤਾ ਬਦਲਣਾ ਹੁਣ ਬਹੁਤ ਸੌਖਾ ਹੋ ਗਿਆ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ (ਯੂ.ਆਈ.ਡੀ.ਏ.ਆਈ.) ਨੇ ਇਸ ਦੇ ਲਈ ਇਕ ਨਵਾਂ ਨਿਯਮ ਬਣਾਇਆ ਹੈ, ਜਿਸ ਨਾਲ ਤੁਸੀਂ ਪਰਿਵਾਰ ਦੇ ਮੁਖੀ ਦੇ ਪਤੇ ਦੇ ਸਬੂਤ ਅਤੇ ਉਸ ਦੀ ਸਹਿਮਤੀ ਨਾਲ ਆਧਾਰ ਕਾਰਡ ਵਿਚ ਆਪਣਾ ਪਤਾ ਆਨਲਾਈਨ ਅਪਡੇਟ ਕਰ ਸਕਦੇ ਹੋ। ਇਸ ਪ੍ਰਕਿਰਿਆ ਲਈ 50 ਰੁਪਏ ਦੀ ਫੀਸ ਲਈ ਜਾਵੇਗੀ।
ਇਸ ਤੋਂ ਪਹਿਲਾਂ ਆਧਾਰ ਕਾਰਡ ‘ਤੇ ਪਤਾ ਬਦਲਣ ਲਈ ਕਿਸੇ ਵਿਅਕਤੀ ਨੂੰ ਪਰਸਨਲ ਐਡਰੈੱਸ ਪਰੂਫ ਦੀ ਲੋੜ ਹੁੰਦੀ ਸੀ। UIDAI ਨੇ ਮੰਗਲਵਾਰ ਨੂੰ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਜੇ ਤੁਸੀਂ ਆਧਾਰ ਕਾਰਡ ‘ਚ ਪਤਾ ਅਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਰਾਸ਼ਨ ਕਾਰਡ, ਮਾਰਕ ਸ਼ੀਟ, ਵਿਆਹ ਦਾ ਕਾਰਡ, ਪਰਿਵਾਰ ਦੇ ਮੁਖੀ ਦਾ ਪਾਸਪੋਰਟ ਵਰਗੇ ਦਸਤਾਵੇਜ਼ ਦਿਖਾ ਸਕਦੇ ਹੋ। ਸ਼ਰਤ ਇਹ ਹੈ ਕਿ ਸਬਮਿਟ ਕੀਤੇ ਗਏ ਦਸਤਾਵੇਜ਼ਾਂ ਵਿੱਚ ਪਰਿਵਾਰ ਦੇ ਮੁਖੀ ਦੇ ਨਾਲ ਬਿਨੈਕਰਤਾ ਦਾ ਰਿਸ਼ਤਾ ਪਤਾ ਲੱਗਦਾ ਹੋਵੇ। ਜੇ ਦਸਤਾਵੇਜ਼ ਵਿੱਚ ਦੋਵਾਂ ਵਿਚਕਾਰ ਸਬੰਧ ਸਪੱਸ਼ਟ ਨਹੀਂ ਹੋ ਰਿਹਾ, ਤਾਂ ਮੁਖੀ ਸਵੈ-ਘੋਸ਼ਣਾ ਪੱਤਰ ਦਾਖਲ ਕਰ ਸਕਦਾ ਹੈ।
ਆਧਾਰ ‘ਚ ਪਤਾ ਅਪਡੇਟ ਕਰਨ ਲਈ ਤੁਹਾਨੂੰ https://myaadhaar.uidai.gov.in ਵੈੱਬਸਾਈਟ ‘ਤੇ ਜਾਣਾ ਪਵੇਗਾ। ਇਥੇ ਤੁਸੀਂ ਪਤੇ ਨੂੰ ਆਨਲਾਈਨ ਅਪਡੇਟ ਕਰਨ ਦਾ ਬਦਲ ਚੁਣ ਸਕਦੇ ਹੋ। ਫਿਰ ਪਰਿਵਾਰ ਦੇ ਮੁਖੀ ਦਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ। ਆਧਾਰ ਦੀ ਤਸਦੀਕ ਤੋਂ ਬਾਅਦ ਬਿਨੈਕਾਰ ਨੂੰ ਪਰਿਵਾਰ ਦੇ ਮੁਖੀ ਨਾਲ ਸਬੰਧਾਂ ਨੂੰ ਦਰਸਾਉਣ ਵਾਲਾ ਦਸਤਾਵੇਜ਼ ਜਮ੍ਹਾ ਕਰਨਾ ਹੋਵੇਗਾ।
ਅਰਜ਼ੀ ਦੇਣ ਤੋਂ ਬਾਅਦ 30 ਦਿਨਾਂ ਦੇ ਅੰਦਰ ਪਰਿਵਾਰ ਦੇ ਮੁਖੀ ਨੂੰ ਆਧਾਰ ਪੋਰਟਲ ‘ਤੇ ਲੌਗਇਨ ਕਰਨਾ ਹੋਵੇਗਾ ਅਤੇ ਬੇਨਤੀ ਦੇ ਪਤੇ ਨੂੰ ਮਨਜ਼ੂਰੀ ਦੇਣੀ ਹੋਵੇਗੀ। ਜੇ ਉਹ 30 ਦਿਨਾਂ ਲਈ ਅਸਵੀਕਾਰ ਕਰਦਾ ਹੈ ਜਾਂ ਸਹਿਮਤੀ ਨਹੀਂ ਦਿੰਦਾ, ਤਾਂ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ‘ਗਲਤੀ ਮਾਫ ਨਹੀਂ ਹੋ ਸਕਦੀ?, ਟੀਚਰ ਦੀਆਂ ਝਿੜਕਾਂ ਤੋਂ ਦੁਖੀ 8ਵੀਂ ਦੇ ਬੱਚੇ ਨੇ ਸੁਸਾਈਡ ਨੋਟ ਲਿਖ ਕੀਤੀ ਖੁਦਕੁਸ਼ੀ
ਪਤਾ ਆਨਲਾਈਨ ਅਪਡੇਟ ਕਰਨ ਲਈ ਬਿਨੈਕਾਰ ਨੂੰ 50 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ। ਭੁਗਤਾਨ ਕਰਨ ਤੋਂ ਬਾਅਦ ਤੁਹਾਨੂੰ ਬੇਨਤੀ ਨੰਬਰ ਮਿਲ ਜਾਏਗਾ। ਇਹ ਨੰਬਰ ਰਜਿਸਟਰਡ ਮੋਬਾਈਲ ਨੰਬਰ ‘ਤੇ SMS ਰਾਹੀਂ ਵੀ ਪ੍ਰਾਪਤ ਹੋਵੇਗਾ, ਜੇ ਪਰਿਵਾਰ ਦਾ ਮੁਖੀ 30 ਦਿਨਾਂ ਦੇ ਅੰਦਰ ਬੇਨਤੀ ਨੂੰ ਰੱਦ ਕਰਦਾ ਹੈ, ਤਾਂ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਜਿਹੜੇ ਲੋਕ ਰੋਜ਼ਗਾਰ ਲਈ ਵੱਖ-ਵੱਖ ਸ਼ਹਿਰਾਂ ‘ਚ ਸ਼ਿਫਟ ਹੋਏ ਹਨ, ਉਹ ਇਸ ਨਿਯਮ ਨਾਲ ਆਸਾਨੀ ਨਾਲ ਆਧਾਰ ‘ਚ ਆਪਣਾ ਪਤਾ ਅਪਡੇਟ ਕਰ ਸਕਣਗੇ। ਇਸ ਦੇ ਲਈ ਬਿਨੈਕਾਰ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: