ਪੰਜਾਬ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਚੱਲਦਿਆਂ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬੇ ਦੇ ਸਾਰੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਪਹਿਲੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਛੁੱਟੀਆਂ 14 ਜਨਵਰੀ ਤੱਕ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਇਲਾਵਾ 8ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀ ਅਤੇ ਪ੍ਰਾਇਮਰੀ/ ਸੈਕੰਡਰੀ ਵਿਭਾਗਾਂ ਦੇ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ। ਸਕੂਲ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਹੋਵੇਗਾ। ਛੁੱਟੀਆਂ ਤੋਂ ਪਹਿਲਾਂ ਵੀ ਸਕੂਲਾਂ ਦਾ ਸਮਾਂ 10 ਵਜੇ ਕੀਤਾ ਗਿਆ ਸੀ ਪਰ ਸਾਰੇ ਸਕੂਲਾਂ ਦੇ ਬੰਦ ਕਰਨ ਦਾ ਸਮਾਂ ਪਹਿਲਾਂ ਵਾਂਗ ਹੀ ਰਖਿਆ ਗਿਆ ਸੀ।
ਦੱਸ ਦੇਈਏ ਕਿ ਠੰਡ ਦੇ ਚੱਲਦਿਆਂ ਇਸ ਤੋਂ ਪਹਿਲਾਂ ਸਕੂਲਾਂ ਵਿੱਚ ਛੁੱਟੀਆਂ 8 ਜਨਵਰੀ ਤੱਕ ਵਧਾ ਦਿੱਤੀਆਂ ਗਈਆਂ ਸਨ। ਪਰ ਮੌਸਮ ਵਿੱਚ ਤਬਦੀਲੀ ਨਾ ਹੋਣ ਕਰਕੇ ਛੋਟੀਆਂ ਕਲਾਸਾਂ ਲਈ ਇਨ੍ਹਾਂ ਛੁੱਟੀਆਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ, ਜਦਕਿ 8ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਲਈ ਸਕੂਲ 9 ਜਨਵਰੀ ਤੋਂ ਖੁੱਲ੍ਹਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਠੰਡ ਦਾ ਕਹਿਰ ਜਾਰੀ ਹੈ। ਉੱਤਰ ਭਾਰਤ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਇਸ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਮੁਤਾਬਕ ਉੱਤਰ ਭਾਰਤ ਦੇ ਕਈ ਹਿੱਸਿਆਂ ਨੂੰ ਸੀਤ ਲਹਿਰ ਤੇ ਸੰਘਣੀ ਧੁੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਚ ਮਾਂ-ਪੁੱਤ ਦੀ ਦਰਦਨਾਕ ਮੌਤ, ਬਾਈਕ ਸਣੇ ਦੋਹਾਂ ਨੂੰ ਘਸੀਟ ਕੇ ਲੈ ਗਈ ਬੱਸ
ਮੈਦਾਨੀ ਖੇਤਰਾਂ ਵਿਚ ਕਈ ਥਾਵਾਂ ਪਾਰਾ ਪਹਾੜੀ ਇਲਾਕਿਆਂ ਤੋਂ ਵੀ ਘੱਟ ਦਰਜ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਧੁੰਦ ਨਾਲ ਵਿਜ਼ੀਬਿਲਟੀ ਘੱਟ ਕੇ 50 ਮੀਟਰ ਤੱਕ ਰਹਿ ਗਈ। ਪੰਜਾਬ, ਹਰਿਆਣਾ ਰਾਜਸਥਾਨ ਸਣੇ ਕਈ ਸੂਬਿਆਂ ਵਿਚ ਸੀਤ ਲਹਿਰ ਸਾਧਾਰਨ ਤੋਂ ਘੱਟ ਤਾਪਮਾਨ ਦਾ ਦੌਰ ਅਗਲੇ ਕੁਝ ਦਿਨਾਂ ਤੱਕ ਜਾਰੀ ਰਹੇਗਾ। ਇਨ੍ਹਾਂ ਸੂਬਿਆਂ ਵਿਚ ਦਿਨ ਤਾਪਮਾਨ ਵੀ ਸਾਧਾਰਨ ਤੋਂ ਕਾਫੀ ਹੇਠਾਂ ਰਹਿਣ ਦੇ ਆਸਾਰ ਹਨ।
ਵੀਡੀਓ ਲਈ ਕਲਿੱਕ ਕਰੋ -: