ਬਟਾਲਾ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਪਰਿਵਾਰ ਉੱਜੜ ਗਿਆ। ਇਹ ਹਾਦਸਾ ਐਤਵਾਰ ਦੇਰ ਸ਼ਾਮ ਜਲੰਧਰ ਰੋਡ ‘ਤੇ ਪਿੰਡ ਮਿਸ਼ਰਪੁਰਾ ਨੇੜੇ ਵਾਪਰਿਆ। ਇੱਥੇ ਇੱਕ ਆਲਟੋ ਕਾਰ ਅਤੇ ਟਿੱਪਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਲੋਕਾਂ ਅਤੇ ਪਿੰਡ ਦੀ ਇੱਕ ਤਿੰਨ ਸਾਲਾਂ ਬੱਚੀ ਸਣੇ ਪੰਜ ਜਣਿਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਾਰ ਵਿੱਚ ਸਵਾਰ 13 ਸਾਲਾਂ ਗੋਪਾਲ ਸਿੰਘ ਅਤੇ ਮੋਟਰਸਾਈਕਲ ਸਵਾਰ ਨੌਜਵਾਨ ਰਮਨਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਗੋਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
ਕਾਰ ਸਵਾਰ ਬਟਾਲਾ ਦੇ ਪਿੰਡ ਚਹਿਲ ਕਲਾਂ ਦੇ ਰਹਿਣ ਵਾਲੇ ਸਨ। ਸਾਰੇ ਕਿਸੇ ਵਿਆਹ ਦੇ ਪ੍ਰੋਗਰਾਮ ਤੋਂ ਆਪਣੇ ਪਿੰਡ ਚਹਿਲ ਕਲਾਂ ਆ ਰਹੇ ਸਨ। ਸੂਚਨਾ ਮਿਲਦੇ ਹੀ ਥਾਣਾ ਰੰਗੜ ਨੰਗਲ ਦੀ ਪੁਲੀਸ ਮੌਕੇ ’ਤੇ ਪੁੱਜੀ ਅਤੇ ਪੰਜਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਕਾਰ ਨੇ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਅਤੇ ਥੋੜ੍ਹੀ ਦੂਰ ਜਾਣ ਤੋਂ ਬਾਅਦ ਕਾਰ ਅਤੇ ਟਿੱਪਰ ਵਿਚਾਲੇ ਟੱਕਰ ਹੋ ਗਈ।
ਥਾਣਾ ਰੰਗੜ ਨੰਗਲ ਦੇ ਐਸਐਚਓ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਾਰ ਨੂੰ ਆਸ਼ੂ ਸਿੰਘ ਵਾਸੀ ਬਟਾਲਾ (ਜਵਾਈ) ਚਲਾ ਰਿਹਾ ਸੀ। ਸ਼ਿੰਦਰ ਕੌਰ (ਮਾਂ) ਪਤਨੀ ਸੋਹਣ ਸਿੰਘ, ਪਰਮਜੀਤ ਸਿੰਘ (ਪੁੱਤਰ), ਗਗਨਜੀਤ ਕੌਰ ਪਤਨੀ ਪਰਮਜੀਤ ਸਿੰਘ ਸਾਰੇ ਵਾਸੀ ਪਿੰਡ ਚਾਹਲ ਕਲਾਂ ਇੱਕ ਆਲਟੋ ਕਾਰ ਵਿੱਚ ਕਾਦੀਆਂ ਰੋਡ, ਬਟਾਲਾ ਸਥਿਤ ਇੱਕ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਵਿੱਚ ਜਾ ਰਹੇ ਸਨ।
ਜਦੋਂ ਪਰਿਵਾਰ ਵਿਆਹ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਿੰਡ ਚਹਿਲ ਕਲਾਂ ਨੂੰ ਆਉਣ ਲੱਗਾ ਤਾਂ ਪਿੰਡ ਦੇ ਹੀ ਤਿੰਨ ਸਾਲਾਂ ਸੀਰਤ ਅਤੇ ਗੋਪਾਲ ਸਿੰਘ (13) ਪੁੱਤਰ ਸਖਵਿੰਦਰ ਸਿੰਘ ਨੇ ਲਿਫਟ ਮੰਗੀ ਅਤੇ ਕਾਰ ਵਿੱਚ ਬੈਠ ਕੇ ਪਿੰਡ ਆਉਣ ਲੱਗੇ। ਰਸਤੇ ਵਿੱਚ ਪਿੰਡ ਮਿਸ਼ਰਪੁਰਾ ਨੇੜੇ ਪੈਟਰੋਲ ਪੰਪ ਨੇੜੇ ਕਾਰ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਬਟਾਲਾ ਵਾਲੇ ਪਾਸਿਓਂ ਆ ਰਹੇ ਇੱਕ ਟਿੱਪਰ ਨਾਲ ਟਕਰਾ ਗਈ।
ਇਹ ਵੀ ਪੜ੍ਹੋ : CM ਮਾਨ ਨੇ ਪਰਿਵਾਰ ਸਣੇ ਜੱਦੀ ਪਿੰਡ ਸਤੌਜ ‘ਚ ਮਨਾਈ ਲੋਹੜੀ, ਬਜ਼ੁਰਗਾਂ ਤੋਂ ਲਈਆਂ ਅਸੀਸਾਂ (ਤਸਵੀਰਾਂ)
ਹਾਦਸੇ ਵਿੱਚ ਇੱਕੋ ਪਰਿਵਾਰ ਦੇ ਆਸ਼ੂ ਸਿੰਘ, ਸ਼ਿੰਦਰ ਕੌਰ, ਪਰਮਜੀਤ ਸਿੰਘ, ਗਗਨਜੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਸਾਲਾਂ ਸੀਰਤ ਦੀ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਮੌਤ ਹੋ ਗਈ। ਗੋਪਾਲ ਸਿੰਘ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਟਿੱਪਰ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਿੱਪਰ ਚਾਲਕ ਫਰਾਰ ਹੈ।
ਵੀਡੀਓ ਲਈ ਕਲਿੱਕ ਕਰੋ -: