ਭਾਰਤੀ ਕ੍ਰਿਕਟ ਟੀਮ ਨੇ ਅੰਡਰ 19 ਮਹਿਲਾ ਟੀ-20 ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਟੀਮ ਇੰਡੀਆ ਨੇ ਸੈਮੀਫਾਈਨਲ ਮੈਚ ‘ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਅੰਡਰ-19 ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 108 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਟੀਮ ਇੰਡੀਆ ਨੇ 14.2 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਭਾਰਤ ਲਈ ਸ਼ਵੇਤਾ ਸਹਿਰਵਤ ਨੇ ਤੂਫਾਨੀ ਬੱਲੇਬਾਜ਼ੀ ਕੀਤੀ। ਉਸ ਨੇ 10 ਚੌਕਿਆਂ ਦੀ ਮਦਦ ਨਾਲ ਅਜੇਤੂ 61 ਦੌੜਾਂ ਬਣਾਈਆਂ।
ਭਾਰਤੀ ਟੀਮ ਆਈਸੀਸੀ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਡੀ ਵਿੱਚ ਹੈ। ਟੀਮ ਇੰਡੀਆ ਆਪਣੇ ਪੁਆਇੰਟ ਟੇਬਲ ‘ਚ ਚੋਟੀ ‘ਤੇ ਬਣੀ ਹੋਈ ਹੈ। ਸੈਮੀਫਾਈਨਲ ‘ਚ ਉਸ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ ਸੀ। ਟੀਮ ਇੰਡੀਆ ਨੇ ਸੈਮੀਫਾਈਨਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 8 ਵਿਕਟਾਂ ਨਾਲ ਜਿੱਤ ਦਰਜ ਕੀਤੀ। ਹੁਣ ਭਾਰਤੀ ਟੀਮ 29 ਜਨਵਰੀ ਨੂੰ ਫਾਈਨਲ ਮੈਚ ਖੇਡੇਗੀ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਦੀ ਅੰਡਰ-19 ਮਹਿਲਾ ਟੀਮ ਨੇ 20 ਓਵਰਾਂ ‘ਚ 107 ਦੌੜਾਂ ਬਣਾਈਆਂ। ਇਸ ਦੌਰਾਨ ਜਾਰਜੀਆ ਪਲਿਮਰ ਨੇ ਟੀਮ ਲਈ ਸਭ ਤੋਂ ਵੱਧ 35 ਦੌੜਾਂ ਬਣਾਈਆਂ। ਉਸ ਨੇ 32 ਗੇਂਦਾਂ ਦਾ ਸਾਹਮਣਾ ਕਰਦੇ ਹੋਏ 2 ਚੌਕੇ ਲਗਾਏ। ਇਸ ਦੌਰਾਨ ਭਾਰਤ ਲਈ ਪਾਰਸ਼ਵੀ ਚੋਪੜਾ ਨੇ 3 ਵਿਕਟਾਂ ਲਈਆਂ। ਉਸ ਨੇ 4 ਓਵਰਾਂ ‘ਚ 20 ਦੌੜਾਂ ਦੇ ਕੇ ਮੇਡਨ ਓਵਰ ਲਿਆ। ਕਪਤਾਨ ਸ਼ੈਫਾਲੀ ਵਰਮਾ ਨੇ ਖਤਰਨਾਕ ਗੇਂਦਬਾਜ਼ੀ ਕੀਤੀ। ਉਸ ਨੇ 4 ਓਵਰਾਂ ‘ਚ ਸਿਰਫ 7 ਦੌੜਾਂ ਦੇ ਕੇ ਇਕ ਵਿਕਟ ਲਈ।
ਇਹ ਵੀ ਪੜ੍ਹੋ : 400 ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ‘ਤੇ ਬੋਲੇ ਕੇਜਰੀਵਾਲ, ‘ਇੱਕ ਹੋਰ ਗਾਰੰਟੀ ਪੂਰੀ’, CM ਮਾਨ ਦੀ ਕੀਤੀ ਤਾਰੀਫ਼
ਨਿਊਜ਼ੀਲੈਂਡ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ 14.2 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ ਟੀਚਾ ਹਾਸਲ ਕਰ ਲਿਆ। ਸ਼ੇਫਾਲੀ ਅਤੇ ਸ਼ਵੇਤਾ ਟੀਮ ਇੰਡੀਆ ਲਈ ਓਪਨਿੰਗ ਕਰਨ ਆਈਆਂ। ਇਸ ਦੌਰਾਨ ਸ਼ੈਫਾਲੀ 10 ਦੌੜਾਂ ਬਣਾ ਕੇ ਆਊਟ ਹੋ ਗਈ। ਜਦਕਿ ਸ਼ਵੇਤਾ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਅਜੇਤੂ ਅਰਧ ਸੈਂਕੜਾ ਲਗਾਇਆ। ਉਸ ਨੇ 45 ਗੇਂਦਾਂ ਦਾ ਸਾਹਮਣਾ ਕੀਤਾ ਅਤੇ 10 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਸੌਮਿਆ ਤਿਵਾਰੀ ਨੇ 26 ਗੇਂਦਾਂ ਦਾ ਸਾਹਮਣਾ ਕਰਦੇ ਹੋਏ 22 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਲਾਏ। ਤ੍ਰਿਸ਼ਾ 5 ਦੌੜਾਂ ਬਣਾ ਕੇ ਅਜੇਤੂ ਰਹੀ।
ਜ਼ਿਕਰਯੋਗ ਹੈ ਕਿ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਦਾ ਹੁਣ ਤੱਕ ਦਾ ਸਫਰ ਸ਼ਾਨਦਾਰ ਰਿਹਾ ਹੈ। ਉਸ ਨੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਆਪਣੇ ਦੂਜੇ ਮੈਚ ਵਿੱਚ ਯੂਏਈ ਨੂੰ 122 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਸਕਾਟਲੈਂਡ ਨੂੰ 83 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੂੰ ਆਸਟ੍ਰੇਲੀਆ ਖਿਲਾਫ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਸ਼੍ਰੀਲੰਕਾ ਅਤੇ ਨਿਊਜ਼ੀਲੈਂਡ ‘ਤੇ ਵੀ ਸ਼ਾਨਦਾਰ ਜਿੱਤ ਦਰਜ ਕੀਤੀ।
ਵੀਡੀਓ ਲਈ ਕਲਿੱਕ ਕਰੋ -: