ਪੰਜਾਬ ਜੇਲ੍ਹ ਵਿਭਾਗ ਨੇ ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਜੇਲ੍ਹ ਦੇ ਇੱਕ ਕੈਦੀ ਨੇ ਦੋਸ਼ ਲਾਇਆ ਸੀ ਕਿ ਸਹਾਇਕ ਸੁਪਰਡੈਂਟ ਨੇ ਉਸ ਤੋਂ ਪੈਸੇ ਮੰਗੇ ਤੇ ਨਾ ਦੇਣ ‘ਤੇ ਉਸ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਸ਼ਾਂ ਦੀ ਜਾਂਚ ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ, ਜਿਸ ਵਿੱਚ ਦੋਸ਼ ਸਹੀ ਸਾਬਤ ਹੋਣ ’ਤੇ ਸਹਾਇਕ ਸੁਪਰਡੈਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਪਟਿਆਲਾ ਜੇਲ੍ਹ ਦੇ ਵਧੀਕ ਸੁਪਰਡੈਂਟ ਹਰਚਰਨ ਸਿੰਘ ਗਿੱਲ ਨੇ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਨੂੰ ਸਸਪੈਂਡ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਹੁਕਮ ਮਿਲਦਿਆਂ ਹੀ ਉਨ੍ਹਾਂ ਨੂੰ ਤੁਰੰਤ ਲਾਗੂ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਕੀਤੀ ਹੈ, ਇਸ ਲਈ ਉਹ ਜ਼ਿਆਦਾ ਕੁਝ ਨਹੀਂ ਦੱਸ ਸਕਦੇ।
ਜਾਣਕਾਰੀ ਅਨੁਸਾਰ ਨਸ਼ਾ ਤਸਕਰੀ ਦੇ ਦੋਸ਼ ਵਿੱਚ 10 ਸਾਲ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਜਾਖਲ ਵਾਸੀ ਇੱਕ ਕੈਦੀ ਵੱਲੋਂ ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਕੈਦੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਦੇ ਥਾਣਿਆਂ ਵਿੱਚ ਨਸ਼ਾ ਤਸਕਰੀ ਦੇ ਕੇਸ ਦਰਜ ਹਨ।
ਇਸ ਕੈਦੀ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਜੇਲ੍ਹ ਵਿੱਚ ਸਹਾਇਕ ਸੁਪਰਡੈਂਟ ਕਮਲਜੀਤ ਸਿੰਘ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ ਕਾਰਨ ਉਸ ਨੂੰ ਹਰ ਤਰ੍ਹਾਂ ਨਾਲ ਤਸ਼ੱਦਦ ਕੀਤਾ ਜਾ ਰਿਹਾ ਹੈ। ਹੁਣ ਉਹ ਇਸ ਸਥਿਤੀ ਨੂੰ ਹੋਰ ਬਰਦਾਸ਼ਤ ਨਹੀਂ ਕਰ ਪਾ ਰਿਹਾ ਹੈ।
ਇਹ ਵੀ ਪੜ੍ਹੋ : ਗੈਸ ਗੀਜ਼ਰ ਰਿਸਣ ਨਾਲ ਬਾਥਰੂਮ ‘ਚ ਲਾੜੀ ਦੀ ਮੌਤ, ਡੋਲੀ ਆਉਣ ਦੇ 24 ਘੰਟਿਆਂ ਅੰਦਰ ਉਠੀ ਅਰਥੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਜ਼ਿਲੇ ਦੀ ਨਾਭਾ ਜੇਲ ਦੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ‘ਤੇ ਵੀ ਜੇਲ੍ਹ ‘ਚ ਕੈਦੀਆਂ ਤੋਂ ਜ਼ਬਰੀ ਵਸੂਲੀ ਕਰਨ ਦੇ ਦੋਸ਼ ਲੱਗੇ ਸਨ। ਬਾਅਦ ‘ਚ ਪਟਿਆਲਾ ਪੁਲਿਸ ਵੱਲੋਂ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: