ਭਾਰਤੀ ਰੇਲਵੇ ਨੇ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਇੱਕ ਅਜੀਬ ਨੋਟਿਸ ਜਾਰੀ ਕੀਤਾ ਹੈ। ਰੇਲਵੇ ਨੇ ਮੰਦਰ ‘ਚ ਸਥਿਤ ਭਗਵਾਨ ਬਜਰੰਗ ਬਲੀ ਨੂੰ ਨੋਟਿਸ ਜਾਰੀ ਕੀਤਾ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਨੋਟਿਸ ਵਿੱਚ ਰੇਲਵੇ ਨੇ ਬਜਰੰਗ ਬਲੀ ਨੂੰ ਕਬਜ਼ਾ ਕਰਨ ਵਾਲਾ ਕਰਾਰ ਦਿੰਦਿਆਂ ਸੱਤ ਦਿਨਾਂ ਵਿੱਚ ਕਬਜ਼ੇ ਹਟਾਉਣ ਲਈ ਕਿਹਾ ਹੈ।
ਇਸ ਦੇ ਨਾਲ ਹੀ ਰੇਲਵੇ ਵੱਲੋਂ ਇਹ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇ ਇਹ ਕਬਜ਼ੇ ਨਾ ਹਟਾਏ ਗਏ ਤਾਂ ਰੇਲਵੇ ਸਖ਼ਤ ਕਾਰਵਾਈ ਕਰੇਗਾ ਅਤੇ ਜੇਸੀਬੀ ਆਦਿ ਦਾ ਖਰਚਾ ਬਜਰੰਗ ਬਾਲੀ ਤੋਂ ਵਸੂਲਿਆ ਜਾਵੇਗਾ।
ਦੱਸ ਦਈਏ ਕਿ ਇਸ ਸਮੇਂ ਗਵਾਲੀਅਰ-ਸ਼ਿਓਪੁਰ ਬਰਾਡ ਗੇਜ ਲਾਈਨ ਦਾ ਕੰਮ ਚੱਲ ਰਿਹਾ ਹੈ। ਹਨੂੰਮਾਨ ਜੀ ਦਾ ਮੰਦਰ ਮੋਰੈਨਾ ਜ਼ਿਲ੍ਹੇ ਦੀ ਸਬਲਗੜ੍ਹ ਤਹਿਸੀਲ ਵਿੱਚ ਬਰਾਡ ਗੇਜ ਲਾਈਨ ਦੇ ਵਿਚਕਾਰ ਆ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਮੰਦਰ ਰੇਲਵੇ ਦੀ ਜ਼ਮੀਨ ਹੈ, ਇਸ ਲਈ ਭਾਰਤੀ ਰੇਲਵੇ ਨੇ ਬਜਰੰਗਬਲੀ ਨੂੰ ਹੀ ਨੋਟਿਸ ਜਾਰੀ ਕੀਤਾ ਹੈ।
ਮੰਦਰ ਨੂੰ ਨੋਟਿਸ ਵੀ ਦੇ ਦਿੱਤਾ ਗਿਆ ਹੈ। ਇਸ ਨੋਟਿਸ ‘ਚ ਹਨੂੰਮਾਨ ਜੀ ਨੂੰ ਲਿਖਿਆ ਗਿਆ ਹੈ ਕਿ ਤੁਸੀਂ ਰੇਲਵੇ ਦੀ ਜ਼ਮੀਨ ‘ਤੇ ਮਕਾਨ ਬਣਾ ਕੇ ਕਬਜ਼ਾ ਕੀਤਾ ਹੈ, ਇਸ ਨੂੰ 7 ਦਿਨਾਂ ਦੇ ਅੰਦਰ-ਅੰਦਰ ਹਟਾ ਦਿਓ, ਨਹੀਂ ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਨੋਟਿਸ ‘ਚ ਲਿਖਿਆ ਗਿਆ ਹੈ ਕਿ ਇਹ ਨੋਟਿਸ ਮਿਲਣ ਤੋਂ 7 ਦਿਨਾਂ ਦੇ ਅੰਦਰ ਰੇਲਵੇ ਦੀ ਜ਼ਮੀਨ ‘ਤੇ ਕੀਤੇ ਗਏ ਕਬਜ਼ਿਆਂ ਨੂੰ ਹਟਾ ਕੇ ਰੇਲਵੇ ਦੀ ਜ਼ਮੀਨ ਖਾਲੀ ਕਰਵਾ ਦਿਓ, ਨਹੀਂ ਤਾਂ ਪ੍ਰਸ਼ਾਸਨ ਤੁਹਾਡੇ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਕਰੇਗਾ, ਜਿਸ ਦਾ ਨੁਕਸਾਨ ਅਤੇ ਖਰਚਾ ਬਜਰੰਗ ਬਲੀ ਨੂੰ ਭਰਨਾ ਪਏਗਾ। ਇਸ ਨੋਟਿਸ ਦੀ ਕਾਪੀ ਸਹਾਇਕ ਮੰਡਲ ਇੰਜੀਨੀਅਰ ਗਵਾਲੀਅਰ ਅਤੇ ਜੀਆਰਪੀ ਸਟੇਸ਼ਨ ਇੰਚਾਰਜ ਗਵਾਲੀਅਰ ਨੂੰ ਵੀ ਭੇਜੀ ਗਈ ਹੈ। ਇਹ ਨੋਟਿਸ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹਨੂੰਮਾਨ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਗਹਿਣੇ ਸਣੇ 15 ਲੱਖ ‘ਤੋਂ ਵੱਧ ਦੀ ਚੋਰੀ
ਜਦੋਂ ਮੀਡੀਆ ਨੇ ਇਸ ਨੋਟਿਸ ਦੀ ਸੱਚਾਈ ਜਾਣਨ ਲਈ ਝਾਂਸੀ ਰੇਲਵੇ ਡਵੀਜ਼ਨ ਦੇ ਲੋਕ ਸੰਪਰਕ ਅਧਿਕਾਰੀ ਮਨੋਜ ਮਾਥੁਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਰੇਲਵੇ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਹਟਾਉਣਾ ਇੱਕ ਆਮ ਪ੍ਰਕਿਰਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਨੋਟਿਸ ਸਿਰਫ਼ ਹਨੂੰਮਾਨ ਜੀ ਨੂੰ ਹੀ ਕਿਉਂ ਦਿੱਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨਾਲ ਗੱਲ ਕਰਕੇ ਜਾਣਕਾਰੀ ਦੇਣਗੇ।
ਵੀਡੀਓ ਲਈ ਕਲਿੱਕ ਕਰੋ -: