ਕੈਨੇਡਾ ‘ਚ ਹਿੰਦੂ ਮੰਦਰ ‘ਤੇ ਇਕ ਵਾਰ ਫਿਰ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਨਾਅਰੇ ਲਿਖੇ ਗਏ ਹਨ। ਇਸ ਵਾਰ ਇੱਥੇ ਮਿਸੀਸਾਗਾ ਵਿੱਚ ਰਾਮ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਭਾਰਤੀ ਦੂਤਘਰ ਨੇ ਇਸ ਦੀ ਸਖ਼ਤ ਨਿੰਦਾ ਕੀਤੀ ਹੈ। ਟੋਰਾਂਟੋ ਸਥਿਤ ਭਾਰਤੀ ਦੂਤਾਵਾਸ ਨੇ ਵੀ ਇਸ ਮਾਮਲੇ ਵਿੱਚ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਭਾਰਤੀ ਦੂਤਘਰ ਨੇ ਬੁੱਧਵਾਰ ਨੂੰ ਟਵੀਟ ਕੀਤਾ, “ਅਸੀਂ ਮਿਸੀਸਾਗਾ ਦੇ ਰਾਮ ਮੰਦਰ ‘ਤੇ ਭਾਰਤ ਵਿਰੋਧੀ ਗਰੈਫਿਟੀ (ਕੰਧਾਂ ‘ਤੇ ਇਤਰਾਜ਼ਯੋਗ ਨਾਅਰੇ) ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ।”
ਪਿਛਲੇ ਦਿਨੀਂ ਕੈਨੇਡਾ ਦੇ ਹਿੰਦੂ ਮੰਦਰਾਂ ‘ਤੇ ਭਾਰਤ ਵਿਰੋਧੀ ਨਾਅਰੇ ਲਿਖੇ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਰਿਪੋਰਟਾਂ ਮੁਤਾਬਕ ਇੱਥੇ ਇੱਕ ਸਾਲ ਦੇ ਅੰਦਰ 4 ਵਾਰ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਕੈਨੇਡਾ ਦੇ ਬਰੈਂਪਟਨ ਵਿਚ ਇਕ ਹਿੰਦੂ ਮੰਦਰ ਵਿਚ ਅਜਿਹੀ ਭੰਨਤੋੜ ਕੀਤੀ ਗਈ ਸੀ, ਜਿਸ ਨੇ ਭਾਰਤੀ ਭਾਈਚਾਰੇ ਵਿਚ ਗੁੱਸੇ ਦੀ ਲਹਿਰ ਫੈਲਾਈ ਸੀ।
ਗੌਰੀ ਸ਼ੰਕਰ ਮੰਦਿਰ ਵਿੱਚ ਹਾਲ ਹੀ ਵਿੱਚ ਹੋਈ ਭੰਨ-ਤੋੜ ਦੀ ਨਿੰਦਾ ਕਰਦਿਆਂ ਟੋਰਾਂਟੋ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਇਸ ਕਾਰਵਾਈ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇੱਕ ਬਿਆਨ ਵਿੱਚ ਦੂਤਾਵਾਸ ਨੇ ਕਿਹਾ, “ਅਸੀਂ ਬਰੈਂਪਟਨ ਵਿੱਚ ਭਾਰਤੀ ਵਿਰਾਸਤ ਦੇ ਪ੍ਰਤੀਕ ਗੌਰੀ ਸ਼ੰਕਰ ਮੰਦਿਰ ਵਿੱਚ ਭਾਰਤ ਵਿਰੋਧੀ ਨਾਅਰਿਆਂ ਦੀ ਨਿੰਦਾ ਕਰਦੇ ਹਾਂ। ਇਸ ਭੰਨਤੋੜ ਦੀ ਘਿਨਾਉਣੀ ਕਾਰਵਾਈ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਅਧਿਕਾਰੀਆਂ ਨੂੰ ਇਸ ਮਾਮਲੇ ਵਿੱਚ ਠੋਸ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।”
ਇਹ ਵੀ ਪੜ੍ਹੋ : ਤੁਰਕੀ-ਸੀਰੀਆ ਭੂਚਾਲ, 100 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ, ਮੌਤਾਂ ਦਾ ਅੰਕੜਾ 41,000 ਤੋਂ ਪਾਰ
ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਕੈਨੇਡੀਅਨ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਬਰੈਂਪਟਨ ਦੇ ਮੇਅਰ ਨੇ ਟਵੀਟ ਕੀਤਾ, “ਇਸ ਘਿਣਾਉਣੀ ਕਾਰਵਾਈ ਦੀ ਸਾਡੇ ਸ਼ਹਿਰ ਜਾਂ ਦੇਸ਼ ਵਿੱਚ ਕੋਈ ਥਾਂ ਨਹੀਂ ਹੈ, “ਹਰ ਕੋਈ ਆਪਣੀ ਪੂਜਾ ਵਾਲੀ ਥਾਂ ਵਿੱਚ ਸੁਰੱਖਿਅਤ ਮਹਿਸੂਸ ਕਰਨ ਦਾ ਹੱਕਦਾਰ ਹੈ।”
ਇਸ ਤੋਂ ਪਹਿਲਾਂ ਸਤੰਬਰ 2022 ਵਿੱਚ ਕੈਨੇਡਾ ਵਿੱਚ BAPS ਬੀਏਪੀਐਸ ਸਵਾਮੀਨਾਰਾਇਣ ਮੰਦਿਰ ਵਿੱਚ ‘ਕੈਨੇਡੀਅਨ ਖਾਲਿਸਤਾਨੀ ਕੱਟੜਪੰਥੀਆਂ’ ਵੱਲੋਂ ਭਾਰਤ ਵਿਰੋਧੀ ਨਾਅਰਿਆਂ ਨਾਲ ਭੰਨਤੋੜ ਕੀਤੀ ਗਈ ਸੀ। ਉਦੋਂ ਵੀ ਕਾਫੀ ਵਿਰੋਧ ਹੋਇਆ ਸੀ। ਉੱਥੇ ਹੀ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਭਾਰਤ ਖਿਲਾਫ ਕਈ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: