ਟੀਮ ਇੰਡੀਆ ਟੈਸਟ ਦੀ ਨੰਬਰ-1 ਟੀਮ ਬਣ ਗਈ ਹੈ। ਉਸ ਦੇ 115 ਰੇਟਿੰਗ ਅੰਕ ਹੋ ਗਏ ਹਨ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ, ਭਾਰਤ ਨੇ ਪਹਿਲੇ ਟੈਸਟ (IND ਬਨਾਮ AUS) ਵਿੱਚ ਆਸਟਰੇਲੀਆ ਨੂੰ ਇੱਕ ਪਾਰੀ ਨਾਲ ਹਰਾਇਆ। ਇਸ ਤਰ੍ਹਾਂ ਭਾਰਤੀ ਟੀਮ ਨੇ ਤਿੰਨੋਂ ਫਾਰਮੈਟਾਂ ਵਿੱਚ ਨੰਬਰ-1 ਦੀ ਕੁਰਸੀ ਹਾਸਲ ਕਰ ਲਈ ਹੈ।
2023 ਦੀ ਗੱਲ ਕਰੀਏ ਤਾਂ ਭਾਰਤ ਹੁਣ ਤੱਕ ਇੱਕ ਵੀ ਸੀਰੀਜ਼ ਨਹੀਂ ਹਾਰਿਆ ਹੈ। ਪਹਿਲਾਂ ਸ਼੍ਰੀਲੰਕਾ ਖਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਜਿੱਤੀ। ਫਿਰ ਨਿਊਜ਼ੀਲੈਂਡ ਨੂੰ ਵੀ ਦੋਵੇਂ ਸੀਰੀਜ਼ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਟੈਸਟ 19 ਫਰਵਰੀ ਤੋਂ ਦਿੱਲੀ ‘ਚ ਖੇਡਿਆ ਜਾਣਾ ਹੈ। ਭਾਰਤੀ ਟੀਮ ਵਨਡੇ ਅਤੇ ਟੀ-20 ਰੈਂਕਿੰਗ ‘ਚ ਪਹਿਲਾਂ ਹੀ ਚੋਟੀ ‘ਤੇ ਹੈ।
ਟੀਮ ਇੰਡੀਆ ਦੀ ਗੱਲ ਕਰੀਏ ਤਾਂ ਹੁਣ ਟੀ-20 ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਦੇ ਕੋਲ ਹੈ ਜਦਕਿ ਵਨਡੇ ਅਤੇ ਟੈਸਟ ਟੀਮ ਦੀ ਕਮਾਨ ਰੋਹਿਤ ਸ਼ਰਮਾ ਕੋਲ ਹੈ। ਆਈਸੀਸੀ ਨੇ ਬੁੱਧਵਾਰ ਨੂੰ ਰੈਂਕਿੰਗ ਜਾਰੀ ਕੀਤੀ। ਆਸਟ੍ਰੇਲੀਆ ਦੀ ਟੀਮ 111 ਰੇਟਿੰਗ ਅੰਕਾਂ ਨਾਲ ਪਹਿਲੇ ਤੋਂ ਦੂਜੇ ਸਥਾਨ ‘ਤੇ ਆ ਗਈ ਹੈ। ਹਾਲ ਹੀ ‘ਚ ਉਸ ਨੇ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਹਰਾਇਆ ਸੀ। ਇੰਗਲੈਂਡ 106 ਅੰਕਾਂ ਨਾਲ ਤੀਜੇ, ਨਿਊਜ਼ੀਲੈਂਡ 100 ਅੰਕਾਂ ਨਾਲ ਚੌਥੇ ਜਦਕਿ ਦੱਖਣੀ ਅਫਰੀਕਾ 85 ਰੇਟਿੰਗ ਅੰਕਾਂ ਨਾਲ 5ਵੇਂ ਨੰਬਰ ‘ਤੇ ਹੈ।
ਆਈਸੀਸੀ ਰੈਂਕਿੰਗ ‘ਚ ਹੋਰ ਟੀਮਾਂ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਦੀ ਟੀਮ 79 ਅੰਕਾਂ ਨਾਲ ਛੇਵੇਂ, ਪਾਕਿਸਤਾਨ ਦੀ ਟੀਮ 77 ਅੰਕਾਂ ਨਾਲ 7ਵੇਂ, ਸ੍ਰੀਲੰਕਾ 76 ਅੰਕਾਂ ਨਾਲ 8ਵੇਂ, ਬੰਗਲਾਦੇਸ਼ 46 ਅੰਕਾਂ ਨਾਲ 9ਵੇਂ ਅਤੇ ਜ਼ਿੰਬਾਬਵੇ 25 ਅੰਕਾਂ ਨਾਲ 10ਵੇਂ ਸਥਾਨ ‘ਤੇ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਟੇਬਲ ‘ਚ ਆਸਟ੍ਰੇਲੀਆ ਪਹਿਲੇ ਜਦਕਿ ਭਾਰਤੀ ਟੀਮ ਦੂਜੇ ਨੰਬਰ ‘ਤੇ ਹੈ।
ਇਹ ਵੀ ਪੜ੍ਹੋ : SBI ਦੇ ਕਰੋੜਾਂ ਗਾਹਕਾਂ ਨੂੰ ਤਗੜਾ ਝਟਕਾ! ਬੈਂਕ ਨੇ ਵਧਾਇਆ ਕਰਜ਼ੇ ‘ਤੇ ਵਿਆਜ, ਨਵੇਂ ਰੇਟ ਅੱਜ ਤੋਂ ਲਾਗੂ
ਭਾਰਤ ਏਸ਼ੀਆ ਦੀ ਪਹਿਲੀ ਟੀਮ ਬਣ ਗਈ ਹੈ ਜੋ ਇੱਕੋ ਸਮੇਂ ‘ਤੇ ਤਿੰਨਾਂ ਫਾਰਮੈਟਾਂ ‘ਚ ਟੌਪ ‘ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਆਸਟਰੇਲੀਆਈ ਟੀਮ ਵੀ ਅਜਿਹਾ ਕਰ ਚੁੱਕੀ ਹੈ। ਜੇ ਭਾਰਤੀ ਟੀਮ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ ਦੇ 4 ‘ਚੋਂ 3 ਮੈਚ ਜਿੱਤ ਜਾਂਦੀ ਹੈ ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਸਿੱਧੇ ਕੁਆਲੀਫਾਈ ਕਰ ਲਵੇਗੀ।
ਵੀਡੀਓ ਲਈ ਕਲਿੱਕ ਕਰੋ -: