ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ ਇੰਸਾਫ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਨੂੰ ਦੇਸ਼ ਦੇ ਟੁੱਟਣ ਦਾ ਡਰ ਸਤਾ ਰਿਹਾ ਹੈ। ਵੀਰਵਾਰ ਨੂੰ ਇਕ ਰੇਡੀਓ ਇੰਟਰਵਿਊ ‘ਚ ਅਜਿਹੀ ਚਿੰਤਾ ਜ਼ਾਹਰ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ‘ਪਾਕਿਸਤਾਨ ਇਸ ਤਰ੍ਹਾਂ ਜਾ ਰਿਹਾ ਹੈ ਕਿ ਇਹ ਸਾਰਿਆਂ ਦੇ ਹੱਥੋਂ ਖਿਸਕ ਜਾਵੇਗਾ।’ ਜਦੋਂ ਆਰਥਿਕ ਸੰਕਟ ਆਇਆ ਤਾਂ ਸੋਵੀਅਤ ਯੂਨੀਅਨ ਦੁਨੀਆ ਦੀ ਸੁਪਰ ਪਾਵਰ ਸੀ, ਉਹ ਵੀ ਟੁੱਟ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਡਿਪਲੋਮੈਟ ਡੋਨਾਲਡ ਲੂ ਅਤੇ ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ‘ਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਉਣ ਪਿੱਛੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਦੱਸ ਦੇਈਏ ਕਿ ਡੋਨਾਲਡ ਲੂ ਅਮਰੀਕਾ ਦੇ ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਵਿਭਾਗ ਵਿੱਚ ਉਪ ਸਕੱਤਰ ਹਨ।
ਇਮਰਾਨ ਖਾਨ ਨੇ ਇਸ ਪੋਡਕਾਸਟ ਇੰਟਰਵਿਊ ‘ਚ ਕਿਹਾ, ‘ਡੋਨਾਲਡ ਲੂ ਨੇ ਕਿਹਾ ਸੀ ਕਿ ਜੇ ਇਮਰਾਨ ਖਾਨ ਨੂੰ ਨਹੀਂ ਹਟਾਇਆ ਗਿਆ ਤਾਂ ਪਾਕਿਸਤਾਨ ਲਈ ਨਤੀਜੇ ਚੰਗੇ ਨਹੀਂ ਹੋਣਗੇ। ਹੁਸੈਨ ਹੱਕਾਨੀ ਨੂੰ ਜਨਰਲ ਬਾਜਵਾ ਨੇ ਮੇਰੇ ਖਿਲਾਫ ਪ੍ਰਚਾਰ ਕਰਨ ਲਈ ਨਿਯੁਕਤ ਕੀਤਾ ਸੀ ਅਤੇ ਇਹ ਧਮਕੀ ਬਾਜਵਾ ਦੇ ਕਹਿਣ ‘ਤੇ ਹੀ ਦਿੱਤੀ ਗਈ ਸੀ।ਇਮਰਾਨ ਖਾਨ ਨੇ ਉਸ ਵੇਲੇ ਦੇ ਫੌਜ ਮੁਖੀ ‘ਤੇ ਸਵਾਲ ਚੁੱਕਦੇ ਹੋਏ ਕਿਹਾ ਹੈ ਕਿ ‘ਬਾਜਵਾ ਇਹ ਕਿਵੇਂ ਤੈਅ ਕਰ ਸਕਦਾ ਹੈ ਕਿ ਦੇਸ਼ ਦਾ ਪੀਐੱਮ ਦੇਸ਼ ਲਈ ਚੰਗਾ ਹੈ ਜਾਂ ਮਾੜਾ।
ਇਮਰਾਨ ਖਾਨ ਨੇ ਜਨਰਲ ਬਾਜਵਾ ‘ਤੇ ਉਨ੍ਹਾਂ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਲਗਾਇਆ ਹੈ। ਪੀਟੀਆਈ ਮੁਖੀ ਨੇ ਕਿਹਾ ਕਿ ‘ਬਾਜਵਾ ਨੇ ਬੁਸ਼ਰਾ ਬੇਗਮ (ਇਮਰਾਨ ਖਾਨ ਦੀ ਪਤਨੀ) ਦੀ ਟੇਪ ਨੂੰ ਸੰਪਾਦਿਤ ਕੀਤਾ ਅਤੇ ਜਾਰੀ ਕੀਤਾ। ਬਾਜਵਾ ਨੇ ਅਜਿਹਾ ਮੈਨੂੰ ਬਲੈਕਮੇਲ ਕਰਨ ਲਈ ਕੀਤਾ ਹੈ।
ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ‘ਤੇ ਹਮਲਾ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ‘ਸ਼ਾਹਬਾਜ਼ ਸ਼ਰੀਫ ਦੇ ਖਿਲਾਫ 16 ਅਰਬ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਸਨ। ਉਸ ਕੇਸ ਦੇ 4 ਗਵਾਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਕੇਸ ਦੇ ਜਾਂਚਕਰਤਾ ਦੀ ਵੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ‘ਰਾਜਪਾਲ ਸਿਆਸੀ ਖੇਤਰ ‘ਚ ਨਾ ਜਾਣ’, ਮਹਾਰਾਸ਼ਟਰ ਦੇ ਬਹਾਨੇ MP ਚੱਢਾ ਦਾ ਗਵਰਨਰ ਪੁਰੋਹਿਤ ‘ਤੇ ਨਿਸ਼ਾਨਾ
ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਤੁਰਕੀ ਦੇ ਪ੍ਰਸਤਾਵਿਤ ਦੌਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ‘ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ‘ਤੁਰਕੀ ਨੇ ਸ਼ਾਹਬਾਜ਼ ਸ਼ਰੀਫ ਨਾਲ ਕੀ ਕੀਤਾ… ਸੋਚੋ ਕਿ ਉਹ ਤੁਰਕੀ ਨੂੰ ਬਚਾਉਣ ਜਾਣ ਵਾਲੇ ਸਨ, ਪਰ ਤੁਰਕੀ ਨੇ ਇਨਕਾਰ ਕਰ ਦਿੱਤਾ। ਇਕ ਛੋਟਾ ਜਿਹਾ ਦੇਸ਼ ਕਤਰ ਹੈ, ਉਨ੍ਹਾਂ ਨੇ ਉਸ ਨੂੰ ਆਉਣ ਦਿੱਤਾ।
ਜ਼ਿਕਰਯੋਗ ਹੈ ਕਿ ਤੁਰਕੀ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਆਪਣਾ ਸਮਰਥਨ ਜ਼ਾਹਰ ਕਰਨ ਲਈ 8 ਫਰਵਰੀ ਨੂੰ ਤੁਰਕੀ ਲਈ ਰਵਾਨਾ ਹੋਣ ਵਾਲੇ ਸਨ। ਹਾਲਾਂਕਿ, ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਉਨ੍ਹਾਂ ਨੂੰ ਦੌਰਾ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: