ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਯੁਸ਼ਾਨ ਯੋਜਨਾ ਤਹਿਤ ਮਿਲਣ ਵਾਲੇ ਫੰਡ ਨੂੰ ਰੋਕਣ ‘ਤੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਬੀਜੇਪੀ ਸਰਕਾਰ ‘ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ‘ਤੇ ਭਾਜਪਾ ਸਰਕਾਰ ਨੂੰ ਤਕਲੀਫ ਹੋ ਰਹੀ ਏ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਰੋਕੇ ਗਏ ਫੰਡਾਂ ਬਾਰੇ ਚਰਚਾ ਕੀਤੀ। ਸਿਹਤ ਮੰਤਰੀ ਨੇ ਦੱਸਿਆ ਕਿ ‘ਰਾਸ਼ਟਰੀ ਸਿਹਤ ਮਿਸ਼ਨ’ ਤਹਿਤ 60 ਫੀਸਦੀ ਫੰਡ ਕੇਂਦਰ ਅਤੇ 40 ਫੀਸਦੀ ਰਾਜਾਂ ਵੱਲੋਂ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਕੁੱਲ 1114 ਕਰੋੜ ਰੁਪਏ ਦੇਣੇ ਸਨ। ਇਸ ਵਿੱਚੋਂ ਸਿਰਫ਼ ਕੇਂਦਰ ਨੇ 438 ਕਰੋੜ ਰੁਪਏ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲਦੀ ਸੀ ਪਰ ਹੁਣ ਜਦੋਂ ਤੋਂ ‘ਆਮ ਆਦਮੀ ਕਲੀਨਿਕ’ ਸਥਾਪਿਤ ਕੀਤੇ ਗਏ ਹਨ, ਉਦੋਂ ਤੋਂ ਕਰੀਬ 15 ਲੱਖ ਲੋਕਾਂ ਨੂੰ ਇਹ ਸਹੂਲਤ ਮਿਲ ਰਹੀ ਹੈ। ਇਨ੍ਹਾਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਡਾਕਟਰ, ਸਟਾਫ਼ ਅਤੇ ਲੋਕ ਖੁਸ਼ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਤਕਲੀਫ ਹੋ ਰਹੀ ਏ। ਸਿਹਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਦੇ ‘ਪੇਂਡੂ ਵਿਕਾਸ ਫੰਡ’ ਨੂੰ ਵੀ ਰੋਕ ਦਿੱਤਾ ਹੈ। ਜਦੋਂ ਪਿਛਲੀਆਂ ਸਰਕਾਰਾਂ ਇਸ ਫੰਡ ਦੀ ਦੁਰਵਰਤੋਂ ਕਰ ਰਹੀਆਂ ਸਨ ਤਾਂ ਇਸ ਨੂੰ ਰੋਕਿਆ ਨਹੀਂ ਗਿਆ ਸੀ ਪਰ ਹੁਣ ਮੋਦੀ ਸਰਕਾਰ ਨੇ ਇਸ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕੇਂਦਰ ਨੂੰ ਗਰਾਂਟ ਨਾ ਰੋਕਣ ਦੀ ਅਪੀਲ ਕਰਦਿਆਂ ਤੁਰੰਤ ਜਾਰੀ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ : ਡਾ. ਗੁਨਿੰਦਰਜੀਤ ਸਿੰਘ ਪੰਜਾਬ ਇਨਫੋਟੈਕ ਦੇ ਚੇਅਰਮੈਨ ਨਿਯੁਕਤ, ਮੰਤਰੀ ਚੀਮਾ ਦੀ ਮੌਜੂਦਗੀ ‘ਚ ਸੰਭਾਲੀ ਜ਼ਿੰਮੇਵਾਰੀ
ਦੱਸ ਦੇਈਏ ਕਿ ਕੇਂਦਰ ਦਾ ਕਹਿਣਾ ਹੈ ਕਿ ਅਸੀਂ ਸਕੀਮ ਲਈ ਪੈਸੇ ਦਿੰਦੇ ਹਾਂ, ਜੇਕਰ ਸਕੀਮ ਨਹੀਂ ਹੈ ਤਾਂ ਪੈਸਾ ਨਹੀਂ ਦਿੱਤਾ ਜਾ ਸਕਦਾ। ਪੰਜਾਬ ਨੇ ਬ੍ਰਾਂਡਿੰਗ ਅਤੇ ਨਾਮ ਬਦਲ ਕੇ ਮੁਹੱਲਾ ਕਲੀਨਿਕ ਸ਼ੁਰੂ ਕੀਤਾ ਸੀ। ਜਦੋਂ ਕੇਂਦਰ ਸਰਕਾਰ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: