ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਵਿੱਚ ਕੀਤੇ ਗਏ ਹੰਗਾਮੇ ਮਗਰੋਂ ਵਧੀ ਹਲਚਲ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਐਤਵਾਰ ਨੂੰ ਫਿਰ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਫੰਡ ਮਿਲ ਰਹੇ ਹਨ।
ਸੀ.ਐੱਮ. ਮਾਨ, ਜੋਕਿ ਅਜਨਾਲਾ ਹੰਗਾਮੇ ਦੌਰਾਨ ਗੁਜਰਾਤ ਵਿੱਚ ਸਨ, ਨੇ ਕਿਹਾ ਕਿ ਪੰਜਾਬ ਪੁਲਿਸ ਇਸ ਮੁੱਦੇ ਨੂੰ ਨਜਿੱਠਣ ਦੇ ਸਮਰੱਥ ਹੈ ਅਤੇ ਸਿਰਫ਼ ਮੁੱਠੀ ਭਰ ਲੋਕ ਹੀ ਪੰਜਾਬ ਵਿੱਚ ਖਾਲਿਸਤਾਨ ਪੱਖੀ ਲਹਿਰ ਦਾ ਸਮਰਥਨ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ 1,000 ਲੋਕ (ਜਿਨ੍ਹਾਂ ਨੂੰ ਖਾਲਿਸਤਾਨ ਪੱਖੀ ਨਾਅਰੇ ਲਗਾਉਂਦੇ ਹੋਏ ਦੇਖਿਆ ਗਿਆ ਹੈ) ਪੂਰੇ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ? ਤੁਸੀਂ ਪੰਜਾਬ ਆ ਕੇ ਖੁਦ ਹੀ ਦੇਖ ਲਓ ਕਿ ਇਹੋ ਜਿਹੇ ਨਾਅਰੇ ਕੌਣ ਲਗਾ ਰਹੇ ਹਨ।”
ਉਹ ਗੁਜਰਾਤ ਦੇ ਭਾਵਨਗਰ ਸ਼ਹਿਰ ਵਿੱਚ ਇੱਕ ਸਮੂਹਿਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਕਿਹਾ, “ਇਸ ਪਿੱਛੇ ਸਿਰਫ਼ ਮੁੱਠੀ ਭਰ ਲੋਕ ਹਨ ਅਤੇ ਉਹ ਆਪਣੀਆਂ ਦੁਕਾਨਾਂ ਪਾਕਿਸਤਾਨ ਅਤੇ ਹੋਰ ਵਿਦੇਸ਼ਾਂ ਤੋਂ ਫੰਡ ਲੈ ਕੇ ਚਲਾਉਂਦੇ ਹਨ।”
“ਭਾਵੇਂ ਰਾਜਸਥਾਨ ਦੀ ਪਾਕਿਸਤਾਨ ਨਾਲ ਬਹੁਤ ਵੱਡੀ ਸਰਹੱਦ ਸਾਂਝੀ ਹੈ, ਪਰ ਡਰੋਨ ਪੰਜਾਬ ਵਿੱਚ ਕਿਉਂ ਉਤਰਦੇ ਹਨ ਅਤੇ ਰਾਜਸਥਾਨ ਵਿੱਚ ਕਿਉਂ ਨਹੀਂ? ਕਿਉਂਕਿ ਉਨ੍ਹਾਂ ਦੇ (ਖਾਲਿਸਤਾਨੀ ਤੱਤਾਂ ਦੇ) ਮਾਲਕ ਪਾਕਿਸਤਾਨ ਵਿੱਚ ਬੈਠੇ ਹਨ ਅਤੇ ਉਹ ਪੰਜਾਬ ਨੂੰ ਖਰਾਬ ਕਰਨਾ ਚਾਹੁੰਦੇ ਹਨ। ਪਰ ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।
ਖਾਲਿਸਤਾਨੀ ਹਮਦਰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ਵੱਲੋਂ ਹਾਲ ਹੀ ਵਿੱਚ ਅੰਮ੍ਰਿਤਸਰ ਦੇ ਬਾਹਰਵਾਰ ਅਜਨਾਲਾ ਦੇ ਇੱਕ ਥਾਣੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਲਿਆਉਣ ਦੀ ਕਾਰਵਾਈ ਦਾ ਹਵਾਲਾ ਦਿੰਦਿਆਂ ਮਾਨ ਨੇ ਕਿਹਾ ਕਿ ਜਿਹੜੇ ਲੋਕ ਸਿੱਖ ਧਰਮ ਗ੍ਰੰਥ ਨੂੰ ਢਾਲ ਵਜੋਂ ਥਾਣੇ ਲੈ ਕੇ ਗਏ ਸਨ, ਉਹ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਸਾਂਸਦ ਰਵਨੀਤ ਬਿੱਟੂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- ‘ਦਾਦੇ ਵਾਲਾ ਹਾਲ ਹੋਊ’
ਮੁੱਖ ਮੰਤਰੀ ਨੇ ਇਸ ਘਟਨਾ ਨੂੰ ਮਾਮੂਲੀ ਕਰਾਰ ਦਿੱਤਾ ਅਤੇ ਸਿੰਘ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਹਿੰਸਾ ਦੀ ਕਥਿਤ ਧਮਕੀ ਨੂੰ ਨਕਾਰਿਆ। ਉਨ੍ਹਾਂ ਕਿਹਾ, “ਇਹ ਖਿਆਲੀ ਪੁਲਾਓ ਹਨ। ਪੰਜਾਬ ਨੇ ਅਤੀਤ ਵਿੱਚ ਅਜਿਹੇ ਕਾਲੇ ਦਿਨ ਵੇਖੇ ਹਨ। ਪੰਜਾਬ ਪੁਲਿਸ ਇਨ੍ਹਾਂ ਨਾਲ ਨਜਿੱਠਣ ਦੇ ਸਮਰੱਥ ਹੈ ਅਤੇ ਅਸੀਂ ਕਦੇ ਵੀ ਕਿਸੇ ਨੂੰ ਸ਼ਾਂਤੀਪੂਰਨ ਮਾਹੌਲ ਨੂੰ ਵਿਗਾੜਨ ਦੀ ਇਜਾਜ਼ਤ ਨਹੀਂ ਦੇਵਾਂਗੇ।
ਮਾਨ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੀ ਬਦੌਲਤ ਟਾਟਾ ਸਟੀਲ ਅਤੇ ਹੋਰ ਦੇਸ਼ਾਂ ਦੀਆਂ ਇਕਾਈਆਂ ਸਮੇਤ ਬਹੁਤ ਸਾਰੇ ਉਦਯੋਗ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੁੰਦੇ ਤਾਂ ਅੱਜ ਇਹ ਉਦਯੋਗ ਪੰਜਾਬ ਵਿੱਚ ਨਾ ਆਉਂਦੇ।
ਐੱਨ.ਆਰ.ਆਈ. ਵੀ ਵਾਪਸ ਆ ਰਹੇ ਹਨ ਅਤੇ ਜਿਨ੍ਹਾਂ ਨੇ ਵਿਦੇਸ਼ਾਂ ਵਿੱਚ ਵਸਣ ਦੀ ਯੋਜਨਾ ਬਣਾਈ ਸੀ, ਉਨ੍ਹਾਂ ਨੇ ਹੁਣ ਆਪਣੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਹਨ। ਛੇ-ਸੱਤ ਮਹੀਨਿਆਂ ਬਾਅਦ ਪੰਜਾਬ ਮੁੜ ਚਮਕੇਗਾ।
ਵੀਡੀਓ ਲਈ ਕਲਿੱਕ ਕਰੋ -: