ਸੰਗਰੂਰ ਜ਼ਿਲ੍ਹੇ ਦੇ ਮੇਘਵਾਲ ਪਿੰਡ ਦੀ ਪੰਚਾਇਤ ਨੇ ਫਰਮਾਨ ਜਾਰੀ ਕੀਤਾ ਹੈ, ਜਿਥੇ ਪੰਚਾਇਤ ਨੇ ਪਿੰਡ ਵਿੱਚ ਅਕਸਰ ਹੋਣ ਵਾਲੇ ਲੜਾਈ-ਝਗੜੇ, ਲੁੱਟਪਾਟ ਤੇ ਗੁੰਡਾਗਰਦੀ ਤੋਂ ਇਲਾਵਾ ਨਸ਼ੇ ਦੀਆਂ ਚੀਜ਼ਾਂ ਵੇਚਦੇ ਮਿਲਣ ‘ਤੇ ਇੱਕ ਅਜੀਬ ਸਜ਼ਾ ਦਾ ਐਲਾਨ ਕੀਤਾ ਹੈ। ਪੰਚਾਇਤੀ ਨੁਮਾਇੰਦਿਆਂ ਤੇ ਪਿੰਡ ਦੇ ਲੋਕਾਂ ਵੱਲੋਂ ਪ੍ਰਸਤਾਵ ਪਾਇਆ ਗਿਆ ਹੈ, ਜਿਸ ਵਿੱਚ ਸਾਫ-ਸਾਫ ਲਿਖਿਆ ਹੈ ਕਿ ਜੇ ਕੋਈ ਵੀ ਬੰਦਾ ਇਨ੍ਹਾਂ ਵਿੱਚੋਂ ਕੋਈ ਅਪਰਾਧ ਕਰਦਾ ਹੋਇਆ ਮਿਲਿਆ ਤਾਂ ਉਸ ਖਿਲਾਫ਼ ਐਕਸ਼ਨ ਲਿਆ ਜਾਵੇਗਾ ਤੇ ਉਸ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁਮਾਇਆ ਜਾਏਗਾ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਹਰ ਦਿਨ ਕੋਈ ਨਾ ਕੋਈ ਅਪਰਾਧ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ। ਅਪਰਾਧੀਆਂ ਦੇ ਮਨ ਵਿੱਚ ਪੁਲਿਸ ਦਾ ਖੌਫ ਨਜ਼ਰ ਨਹੀਂ ਆਉਂਦਾ, ਇਸ ਕਾਰਨ ਉਹ ਖੁਦ ਫੈਸਲਾ ਲੈਣ ਲਈ ਮਜਬੂਰ ਹੋ ਗਏ ਹਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਵਧਦੀਆਂ ਲੁੱਟ-ਖੋਹਾਂ, ਲੜਾਈ-ਝਗੜੇ ਤੇ ਨਸ਼ੇ ਦੀਆਂ ਵਾਰਦਾਤਾਂ ਤੋਂ ਛੁਟਕਾਰਾ ਪਾਉਣ ਲਈ ਇਹ ਅਹਿਮ ਫੈਸਲਾ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅਜਨਾਲਾ ਕਾਂਡ ਨੂੰ ਲੈ ਕੇ ਵਿਰੋਧੀ ਹਮਲੇ ‘ਤੇ ਬੋਲੇ CM ਮਾਨ, ‘ਫਿਰਕੂ ਭਾਵਨਾਵਾਂ ਭੜਕਾ ਸਿਆਸੀ ਰੋਟੀਆਂ ਸੇਕ ਰਹੇ’
ਪਿੰਡ ਦੇ ਮੁਖੀ ਸਰਵਨ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਜੇ ਕੋਈ ਵੀ ਨਸ਼ਾ ਵੇਚਦਾ ਹੋਇਆ ਪਾਇਆ ਗਿਆ ਤਾਂ ਪਿੰਡ ਦਾ ਕੋਈ ਵੀ ਪੰਚਾਇਤ ਦਾ ਜਾਫਰ ਨੰਬਰਦਾਰ ਉਸ ਦੇ ਨਾਲ ਨਹੀਂ ਜਾਏਗਾ। ਉਸ ਨੂੰ ਪੁਲਿਸ ਸਟੇਸ਼ਨ ਲਿਜਾਇਆ ਜਾਏਗਾ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਜੇ ਕੋਈ ਬਾਹਰ ਦਾ ਹੋਵੇ ਜਾਂ ਪਿੰਡ ਦਾ ਹੀ ਰਹਿਣ ਵਾਲਾ ਜੇ ਲੁੱਟ-ਖੋਹ ਤੇ ਗੁੰਡਾਗਰਦੀ ਕਰਦਾ ਪਾਇਆ ਗਿਆ ਤਾਂ ਪਿੰਡ ਦੇ ਲੋਕਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ।
ਪਹਿਲਾਂ ਉਸ ਨੂੰ ਸਮਝਾਇਆ ਜਾਵੇਗਾ ਫਿਰ ਵੀ ਨਹੀਂ ਮੰਨਿਆ ਤਾਂ ਉਸ ਨੂੰ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁਮਾਇਆ ਜਾਵੇਗਾ। ਮੁਖੀ ਨੇ ਕਿਹਾ ਕਿ ਪਿੰਡ ਦੇ ਲੋਕ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਪਿੰਡ ਨੂੰ ਨਸ਼ੇ ਤੇ ਲੁੱਟਾਂ-ਖੋਹਾਂ ਤੋਂ ਬਚਾਉਣਾ ਹੈ ਤਾਂ ਇਹ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅਖੀਰ ਸਾਰਿਆਂ ਦੀ ਸਹਿਮਤੀ ਤੋਂ ਮਤਾ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: