ਦੁਬਈ ਜਾ ਰਹੀ ਫੇਡਐਕਸ ਫਲਾਈਟ ਦੇ ਟੇਕ-ਆਫ ਤੋਂ ਬਾਅਦ 1000 ਫੁੱਟ ਦੀ ਉਚਾਈ ‘ਤੇ ਪੰਛੀ ਨਾਲ ਟਕਰਾ ਜਾਣ ਤੋਂ ਬਾਅਦ ਦਿੱਲੀ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਐਲਾਨ ਦਿੱਤੀ ਗਈ। ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਕਿ ਜਹਾਜ਼ ਦਿੱਲੀ ਹਵਾਈ ਅੱਡੇ ‘ਤੇ ਉਤਰ ਸਕੇ ਅਤੇ ਤਕਨੀਕੀ ਮਾਹਿਰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਜਹਾਜ਼ ‘ਚ ਕਿਸੇ ਤਕਨੀਕੀ ਖਰਾਬੀ ਦੀ ਜਾਂਚ ਕਰ ਸਕਣ।
ਇਸ ਦੌਰਾਨ ਦਿੱਲੀ ਹਵਾਈ ਅੱਡੇ ‘ਤੇ ਐਂਬੂਲੈਂਸ, ਫਾਇਰ ਬ੍ਰਿਗੇਡ ਵਰਗੀਆਂ ਐਮਰਜੈਂਸੀ ਸੇਵਾਵਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਸੂਤਰਾਂ ਨੇ ਕਿਹਾ ਕਿ ਬਰਡ ਹਿੱਟ ਆਮ ਨਹੀਂ ਹਨ, ਪਰ ਇਹ ਵੱਡੀਆਂ ਤਕਨੀਕੀ ਚੁਣੌਤੀਆਂ ਪੇਸ਼ ਕਰਦੇ ਹਨ।
ਪੰਛੀਆਂ ਦੀ ਇਸ ਤਰ੍ਹਾਂ ਦੀ ਟੱਕਰ ਜਹਾਜ਼ਾਂ ਲਈ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਕਾਰਨ ਕਈ ਵਾਰ ਗੰਭੀਰ ਜਹਾਜ਼ ਹਾਦਸੇ ਵੀ ਹੋ ਜਾਂਦੇ ਹਨ। ਹਵਾਈ ਅੱਡੇ ਦੇ ਆਲੇ-ਦੁਆਲੇ ਸੰਘਣੀ ਮਨੁੱਖੀ ਆਬਾਦੀ ਅਜਿਹੀਆਂ ਘਟਨਾਵਾਂ ਦੇ ਵਧਣ ਦਾ ਵੱਡਾ ਕਾਰਨ ਹੈ। ਉੱਡਦੇ ਪੰਛੀ ਅਕਸਰ ਮਨੁੱਖਾਂ ਤੋਂ ਭੋਜਨ ਲੈਣ ਦੀ ਕੋਸ਼ਿਸ਼ ਕਰਦੇ ਹੋਏ ਜਹਾਜ਼ਾਂ ਨਾਲ ਟਕਰਾ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਫਰਵਰੀ ‘ਚ ਸੂਰਤ ਤੋਂ ਦਿੱਲੀ ਜਾ ਰਹੀ ਇੰਡੀਗੋ ਦੀ ਫਲਾਈਟ ਨੂੰ ਟੇਕਆਫ ਦੌਰਾਨ ਪੰਛੀ ਨਾਲ ਟਕਰਾਉਣ ਤੋਂ ਬਾਅਦ ਅਹਿਮਦਾਬਾਦ ਵੱਲ ਮੋੜਨਾ ਪਿਆ ਸੀ। ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਜਹਾਜ਼ ਅਹਿਮਦਾਬਾਦ ‘ਚ ਸੁਰੱਖਿਅਤ ਉਤਰ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ, CM ਮਾਨ ਬੋਲੇ- ‘ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ’
ਦੱਸ ਦੇਈਏ ਕਿ ਕਿਸੇ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਜਾਂਦੀ ਹੈ ਜਦੋਂ ਕੋਈ ਜਹਾਜ਼ ਉੱਥੇ ਇਸ ਤਰ੍ਹਾਂ ਪਹੁੰਚਦਾ ਹੈ ਕਿ ਉਸ ਦੇ ਕਰੈਸ਼ ਹੋਣ ਦਾ ਖ਼ਤਰਾ ਹੁੰਦਾ ਹੈ। ਇਸ ਪੂਰੀ ਐਮਰਜੈਂਸੀ ਐਲਾਨਣ ਮਗਰੋਂ ਹਵਾਈ ਅੱਡੇ ਅਤੇ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਸਥਾਨਕ ਐਮਰਜੈਂਸੀ ਸੇਵਾਵਾਂ ਜਿਵੇਂਕਿ ਪੁਲਿਸ, ਫਾਇਰ ਸਰਵਿਸ, ਐਂਬੂਲੈਂਸ ਅਤੇ ਮੈਡੀਕਲ ਸੇਵਾਵਾਂ ਨੂੰ ਹਵਾਈ ਅੱਡੇ ‘ਤੇ ਇਕੱਠੇ ਬੁਲਾਇਆ ਜਾਂਦਾ ਹੈ। ਸਥਾਨਕ ਹਸਪਤਾਲਾਂ ਨੂੰ ਜ਼ਖਮੀਆਂ ਦੇ ਇਲਾਜ ਦੀ ਤਿਆਰੀ ਲਈ ਪਹਿਲਾਂ ਤੋਂ ਹੀ ਸੁਚੇਤ ਕਰ ਦਿੱਤਾ ਜਾਂਦਾ ਹੈ। ਟ੍ਰੈਫਿਕ ਪੁਲਿਸ ਇਸ ਤਰੀਕੇ ਨਾਲ ਟ੍ਰੈਫਿਕ ਅਤੇ ਸੜਕਾਂ ਨੂੰ ਕੰਟਰੋਲ ਕਰਨ ਲਈ ਤਿਆਰ ਰਹੇਗੀ ਕਿ ਏਅਰਪੋਰਟ ਤੋਂ ਹਸਪਤਾਲ ਤੱਕ ਸਾਫ ਰਸਤਾ ਮੁਹੱਈਆ ਕਰਵਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: