‘ਜਿੱਥੇ ਚਾਹ ਉਥੇ ਰਾਹ’ ਇਸ ਕਹਾਵਤ ਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਫਰੀਦਕੋਟ ਸ਼ਹਿਰ ਦੇ ਇੱਕ ਨੌਜਵਾਨ ਨੇ, ਜਿਸ ਨੇ ਇੱਕ ਬਹੁਤ ਹੀ ਸਾਧਾਰਨ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਸੁਪਨੇ ਨੂੰ ਪੂਰਾ ਕੀਤਾ। ਸਥਾਨਕ ਭੋਲੂਵਾਲਾ ਰੋਡ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਸਾਈਕਲ ਦੀ ਮੁਰੰਮਤ ਕਰਦੇ ਹੋਏ ਤਿੰਨ ਸਾਲਾਂ ਦੀ ਮਿਹਨਤ ਅਤੇ ਢਾਈ ਲੱਖ ਦੀ ਲਾਗਤ ਨਾਲ ਪੈਰਾਗਲਾਈਡਰ ਬਣਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ, ਪਰ ਆਰਥਿਕ ਸਾਧਨਾਂ ਦੀ ਘਾਟ ਅਤੇ ਸਿਰ ‘ਤੇ ਪਿਤਾ ਦਾ ਸਾਇਆ ਨਾ ਹੋਣ ਕਾਰਨ ਇਹ ਸੁਪਨਾ ਔਖਾ ਜਾਪਦਾ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ ਹੈ।
ਸਾਈਕਲ ਮਕੈਨਿਕ ਹਰਪ੍ਰੀਤ ਸਿੰਘ ਨੇ ਮੋਟਰਸਾਈਕਲ ਦੇ ਇੰਜਣ ਨੂੰ ਫਿੱਟ ਕਰਕੇ ਪੈਰਾਗਲਾਈਡਰ ਤਿਆਰ ਕੀਤਾ। ਪਹਿਲਾਂ ਉਸ ਨੇ ਆਰਮੀ ਅਸਾਮ ਤੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਹੁਣ ਉਸ ਨੂੰ ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ ਪੈਰਾ ਮੋਟਰ ਪਾਇਲਟ ਵਜੋਂ ਨੌਕਰੀ ਵੀ ਮਿਲ ਗਈ ਹੈ। ਉੱਥੇ ਉਹ ਲੋਕਾਂ ਨੂੰ ਅਸਮਾਨ ਦੀ ਸੈਰ ਕਰਵਾਉਂਦਾ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਦੋ ਸੀਟਰ ਪੈਰਾਮੋਟਰ ਗਲਾਈਡਰ ਬਣਾ ਕੇ ਹਰ ਛੋਟੇ-ਵੱਡੇ ਅਮੀਰ-ਗਰੀਬ ਨੂੰ ਅਸਮਾਨ ਦੀ ਸੈਰ ਕਰਵਾਏ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਉਸ ਨੇ ਪੈਰਾਮੋਟਰ ਗਲਾਈਡਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਤਿੰਨ ਸਾਲਾਂ ਵਿੱਚ ਢਾਈ ਲੱਖ ਰੁਪਏ ਖਰਚ ਕਰਕੇ ਸਫ਼ਲਤਾ ਹਾਸਲ ਕੀਤੀ। ਇਧਰੋਂ-ਉਧਰੋਂ ਇਸ ਦਾ ਹਰ ਹਿੱਸਾ ਇਕੱਠਾ ਕੀਤਾ। ਸਾਈਕਲ ਦਾ ਹੈਂਡਲ ਇਸ ਨਾਲ ਜੁੜਿਆ ਹੋਇਆ ਸੀ ਜਦੋਂ ਕਿ ਖੰਭ ਲੱਕੜ ਦੇ ਬਣੇ ਹੋਏ ਸਨ। ਮੋਟਰਸਾਈਕਲ ਦਾ ਇੰਜਣ ਫਿੱਟ ਲੱਗਾ ਹੈ। ਹੁਣ ਉਸ ਨੇ ਦੋ ਸੀਟਾਂ ਵਾਲਾ ਪੈਰਾਮੋਟਰ ਗਲਾਈਡਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਸ ਲਈ ਸਰਕਾਰ ਤੋਂ ਸਹਿਯੋਗ ਦੀ ਉਮੀਦ ਹੈ।
ਇਹ ਵੀ ਪੜ੍ਹੋ : ਖ਼ਤਰਨਾਕ ਹੋਣ ਲੱਗਾ ਕੋਰੋਨਾ, ਪੰਜਾਬ ‘ਚ 2 ਲੋਕਾਂ ਦੀ ਮੌਤ, ਨਵੇਂ ਮਰੀਜ਼ਾਂ ਸਣੇ 369 ਐਕਟਿਵ ਕੇਸ
ਹਰਪ੍ਰੀਤ ਮੁਤਾਬਕ ਸ਼ਹਿਰ ਦੇ ਲੋਕ ਪੈਰਾਗਲਾਈਡਰ ਦਾ ਆਨੰਦ ਲੈਣ ਲਈ ਬਾਹਰ ਜਾਂਦੇ ਹਨ ਪਰ ਮੈਂ ਆਪਣੇ ਸ਼ਹਿਰ ਵਿੱਚ ਹੀ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਨਾ ਚਾਹੁੰਦਾ ਹਾਂ। ਜੇਕਰ ਸਰਕਾਰ ਮੇਰਾ ਸਮਰਥਨ ਕਰਦੀ ਹੈ, ਤਾਂ ਉਹ ਇੱਕ ਵੱਡਾ ਪੈਰਾਮੋਟਰ ਗਲਾਈਡਰ ਬਣਾ ਕੇ ਲੋਕਾਂ ਨੂੰ ਅਸਮਾਨ ਦੀ ਸੈਰ ਕਰਵਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: