ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਸੂਬੇ ਵਿਚ ਬੀਅਰ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਘੱਟੋ-ਘੱਟ ਤੇ ਅਧਿਕਤਮ ਰੇਟ ਤੈਅ ਕਰ ਦਿੱਤਾ ਹੈ। ਇਸ ਫੈਸਲੇ ਨਾਲ ਬੀਅਰ ਦੇ ਕੈਨ ਤੇ ਡੱਬੇ ਦੀ ਘੱਟੋ-ਘੱਟ ਤੇ ਅਧਿਕਤਮ ਪਰਚੂਨ ਵਿਕਰੀ ਕੀਮਤ, ਬੀਅਰ ਦੀ ਮਾਤਰਾ ਮੁਤਾਬਕ ਹੋਵੇਗੀ। ਗੌਰਤਲਬ ਹੈ ਕਿ ਵਿਭਾਗ ਦੇ ਇਸ ਫੈਸਲੇ ਦੇ ਬਾਅਦ ਸੂਬੇ ਵਿਚ ਬੀਅਰ ਦੀ ਪਰਚੂਨ ਕੀਮਤਾਂ ਉਸ ਦੀ ਮਾਤਰਾ ਦੇ ਹਿਸਾਬ ਨਾਲ ਘੱਟੋ-ਘੱਟ 60 ਰੁਪਏ ਤੇ ਅਧਿਕਤਮ 220 ਰੁਪਏ ਦੇ ਵਿਚ ਰਹੇਗੀ।
ਪੰਜਾਬ ਭਵਨ ਵਿਚ ਵੀਰਵਾਰ ਨੂੰ ਆਬਕਾਰੀ ਵਿਭਾਗ ਦੀ ਮਹੀਨਾਵਾਰ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਆਬਕਾਰੀ ਨੀਤੀ 2023-24 ਵਿਚ ਧਾਰਾ-28 ਜੋੜੀ ਗਈ ਹੈ ਜਿਸ ਤਹਿਤ ਬੀਅਰ ਦੇ ਰੇਟ ਨੂੰ ਵਾਜ੍ਹਬ ਰੇਟ ‘ਚ ਰੱਖਣ ਲਈ ਐੱਲ-2/ਐੱਲ-14 ਏ ਪਰਚੂਨ ਠੇਕੇ ਤੇ ਸਿੰਗਲ ਠੇਕੇ ‘ਤੇ ਵੇਚੀ ਜਾਣ ਵਾਲੀ ਬੀਅਰ ਦੀ ਘੱਟੋ-ਘੱਟ ਤੇ ਅਧਿਕਤਮ ਪ੍ਰਚੂਨ ਕੀਮਤ ਤੈਅ ਕਰਨ ਦਾ ਅਧਿਕਾਰ ਸਰਕਾਰ ਕੋਲ ਹੈ।
ਉਨ੍ਹਾਂ ਕਿਹਾ ਕਿ ਬੀਅਰ ਬ੍ਰਾਂਡਾਂ ਦੀ ਪਰਚੂਨ ਵਿਕਰੀ ਕੀਮਤ, ਆਬਕਾਰੀ ਨੀਤੀ ਦੀ ਧਾਰਾ-3 ਵਿਚ ਨਿਰਧਾਰਤ ਫਾਰਮੂਲੇ ਮੁਤਾਬਕ ਤੈਅ ਕੀਤੀ ਗਈ ਹੈ। ਇਹ ਕਦਮ ਗੁਆਂਢੀ ਸੂਬਿਆਂ ਤੋਂ ਬੀਅਰ ਦੀ ਤਸਕਰੀ ਨੂੰ ਰੋਕਣ ਦੇ ਨਾਲ-ਨਾਲ ਬੀਅਰ ਦੀਆਂ ਕੀਮਤਾਂ ਵਿਚ ਗੈਰ-ਜ਼ਰੂਰੀ ਵਾਧੇ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਵਿੱਤ ਮੰਤਰੀ ਨੇ 2021 ਦੇ LLP (ਸਿਵਲ) ਨੰਬਰ 3764 ਕੇਸ ਵਿਚ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣ ਕਰਨ ਦੇ ਨਿਰਦੇਸ਼ ਦਿੰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਵਿਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਪੂਰੀ ਤਰ੍ਹਾਂ ਤੋਂ ਖਤਮ ਕਰਨ ਲਈ ਇਨਫੋਰਸਮੈਂਟ ਸਰਗਰਮੀਆਂ ਵਧਾਈਆਂ ਜਾਣ। ਪੁਲਿਸ ਨਾਲ ਪੂਰਾ ਤਾਲਮੇਲ ਬਣਾਇਆ ਜਾਵੇ ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਹੁਣ ਜੇਕਰ ਕਿਸੇ ਇਲਾਕੇ ਵਿਚ ਕੋਈ ਗੈਰ-ਕਾਨੂੰਨੀ ਭੱਠੀ ਪਾਈ ਜਾਂਦੀ ਹੈ ਤਾਂ ਸਥਾਨਕ ਪੁਲਿਸ ਜ਼ਿੰਮੇਵਾਰ ਹੋਵੇਗੀ।
ਇਹ ਵੀ ਪੜ੍ਹੋ : ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ! ਪੰਜਾਬ-ਹਰਿਆਣਾ ‘ਚ 16-17 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ
ਵਿੱਤ ਕਮਿਸ਼ਨਰ ਵਿਕਾਸ ਪ੍ਰਤਾਪ ਨੇ ਵਿੱਤ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਆਬਕਾਰੀ ਕਮਿਸ਼ਨਰ ਪੰਜਾਬ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਸਾਰੇ ਡਿਪਟੀ ਕਮਿਸ਼ਨਰ, ਜ਼ੋਨ ਸਬੰਧੀ ਡਿਪਟੀ ਕਮਿਸ਼ਨਰਾਂ ਤੇ ਪੁਲਿਸ ਕਮਿਸ਼ਨਰਾਂ ਤੇ ਐੱਸਐੱਸਪੀ ਨੂੰ ਨਿੱਜੀ ਤੌਰ ‘ਤੇ ਮਿਲੇ ਤਾਂ ਕਿ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -: