ਸੂਡਾਨ ਵਿਚ ਮਿਲਟਰੀ ਤੇ ਪੈਰਾ ਮਿਲਟਰੀ ਦੇ ਵਿਚ ਜਾਰੀ ਲੜਾਈ ਵਿਚ ਕਰਨਾਟਕ ਦੇ 31 ਆਦਿਵਾਸੀ ਫਸ ਗਏ ਹਨ। ਸਾਰੇ ਲੋਕ ਸੂਡਾਨੀ ਸ਼ਹਿਰ ਅਲ-ਫਸ਼ੇਰ ਵਿਚ ਰਹਿ ਰਹੇ ਹਨ। ਇਹ ਲੋਕ ਆਯੁਰਵੈਦਿਕ ਜੜ੍ਹੀ-ਬੂਟੀ ਵੇਚਣ ਸੂਡਾਨ ਗਏ ਸਨ।ਇਨ੍ਹਾਂ ਵਿਚੋਂ 19 ਲੋਕ ਕਰਨਾਟਕ ਦੇ ਹੁਨਸੁਰ 7 ਸ਼ਿਵਾਮੋਗਾ ਤੇ 5 ਲੋਕ ਚਨਾਗਿਰੀ ਦੇ ਰਹਿਣ ਵਾਲੇ ਹਨ।
ਇਨ੍ਹਾਂ ਵਿਚੋਂ ਇਕ ਨੇ ਦੱਸਿਆ ਕਿ ਅਸੀਂ ਪਿਛਲੇ 4-5 ਦਿਨਾਂ ਤੋਂ ਇਕ ਕਿਰਾਏ ਦੇ ਮਕਾਨ ਵਿਚ ਫਸੇ ਹੋਏ ਹਾਂ। ਸਾਡੇ ਕੋਲ ਖਾਣਾ ਜਾਂ ਪੀਣ ਲਈ ਕੁਝ ਵੀ ਨਹੀਂ ਹੈ। ਬਾਹਰ ਤੋਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਇਥੇ ਕੋਈ ਸਾਡੀ ਮਦਦ ਕਰਨ ਨੂੰ ਤਿਆਰ ਨਹੀਂ ਹੈ।
ਕਾਂਗਰਸੀ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਮੋਦੀ ਸਰਕਾਰ ‘ਤੇ ਕੰਨੜ ਵਿਰੋਧੀ ਹੋਣ ਦਾ ਦੋਸ਼ ਲਗਾਇਆ ਹੈ। ਉੁਨ੍ਹਾਂ ਕਿਹਾ ਕਿ ਸੂਡਾਨ ਵਿਚ ਫਸੇ ਭਾਰਤੀਆਂ ਲਈ ਸਰਕਾਰ ਕੁਝ ਨਹੀਂ ਕਰ ਰਹੀ ਹੈ। ਸੂਡਾਨ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 200 ਹੋ ਗਈ ਹੈ।
RSF ਦੇ ਲੜਾਕਿਆਂ ਨੇ ਅਮਰੀਕੀ ਦੂਤਾਵਾਸ ਦੇ ਕਾਫਲੇ ਤੇ EU ਦੇ ਅੰਬੈਂਸਡਰ ‘ਤੇ ਵੀ ਹਮਲਾ ਕਰ ਦਿੱਤਾ। ਇਸ ਦੀ ਜਾਣਕਾਰੀ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਾਫਲੇ ਦੀਆਂ ਗੱਡੀਆਂ ‘ਤੇ ਅਮਰੀਕਾ ਦਾ ਝੰਡਾ ਲੱਗਾ ਹੋਇਆ ਸੀ। ਨਾਲ ਹੀ ਉਸ ਦੀ ਲਾਇਸੈਂਸ ਪਲੇਟ ਵੀ ਦੂਤਾਵਾਸ ਦੀ ਸੀ। ਫਿਰ ਵੀ ਹਮਲਾ ਕੀਤਾ ਗਿਆ। ਬਲਿੰਕਨ ਨੇ ਦੱਸਿਆ ਕਿ ਉਹ ਹਮਲੇ ਦੀ ਜਾਂਚ ਕਰ ਰਹੇ ਹਨ। ਸੂਡਾਨ ਵਿਚ ਸਿਰਫ ਅਮਰੀਕੀ ਕਾਫਲੇ ‘ਤੇ ਨਹੀਂ ਸਗੋਂ RSF ਤੇ ਸੈਨਾ ਵਿਚਕਾਰ ਲੜਾਈ ਵਿਚ EU ਦੇ ਅੰਬੈਂਸਡਰ ਏਡਨ ਓ ਹਾਰਾ ‘ਤੇ ਵੀ ਹਮਲਾ ਹੋਇਆ। ਦਰਅਸਲ RSF ਦੇ ਕੁਝ ਲੜਾਕੇ ਦਰਵਾਜ਼ਾ ਤੋੜ ਕੇ ਓ ਹਾਰਾ ਦੇ ਘਰ ਵੜ ਗਏ।
ਉਨ੍ਹਾਂ ਨੇ ਬੰਦੂਕ ਦੀ ਨੋਕ ‘ਤੇ ਉਨ੍ਹਾਂ ਤੋਂ ਸਾਰੇ ਪੈਸੇ ਲੁਟ ਲਏ। ਇਸ ਹਮਲੇ ਵਿਚ ਉਨ੍ਹਾਂ ਨੂੰ ਮਾਮੂਲੀ ਸੱਟਾਂਲੱਗੀਆਂ। ਓ ਹਾਰਾ ਨੇ ਹਮਲਾਵਰਾਂ ਦੀ ਪਛਾਣ ਉਨ੍ਹਾਂ ਦੀ ਯੂਨੀਫਾਰਮ ਤੋਂ ਕੀਤੀ। ਖਾਤਰੂਮ ਦੀਆਂ ਗਲੀਆਂ ਵਿਚ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਦੋਵੇਂ ਗੁੱਟ ਟੈਂਕ, ਆਰਟਿਲਰੀ ਤੇ ਖਤਰਨਾਕ ਹਥਿਆਰਾਂ ਨਾਲ ਲੜ ਰਹੇ ਹਨ।
ਇਹ ਵੀ ਪੜ੍ਹੋ : 7 ਦਿਨ ਦੇ ਰਿਮਾਂਡ ‘ਤੇ ਭੇਜਿਆ ਗਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਪਟਿਆਲਾ ਹਾਊਸ ਕੋਰਟ ਨੇ ਸੁਣਾਇਆ ਫੈਸਲਾ
ਸੂਡਾਨ ਵਿਚ ਲੜ ਰਹੇ ਦੋਵੇਂ ਗੁੱਟਾਂ ਨੂੰ ਵੱਖ-ਵੱਖ ਦੇਸ਼ਾਂ ਦਾ ਸਮਰਥ ਹੈ। ਅਲਜਜੀਰਾ ਦੇ ਮੁਤਾਬਕ ਆਰਮੀ ਨੂੰ ਮਿਸਰ ਦਾ ਸਾਥ ਹੈ ਜਦੋਂ ਕਿ ਪੈਰਾ ਮਿਲਟਰੀ ਗਰੁੱਪ ਨੂੰ UAE ਤੇ ਸਾਊਦੀ ਅਰਬ ਤੋਂ ਮਦਦ ਮਿਲ ਰਹੀ ਹੈ। ਸੰਯੁਕਤ ਰਾਸ਼ਟਰ ਸੰਘ ਦੇ ਸੈਕ੍ਰੇਟਰੀ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਜੇਕਰ ਇਹ ਲੜਾਈ ਅਜੇ ਨਾ ਰੁਕੀ ਤਾਂ ਇਸ ਨਾਲ ਪੂਰਾ ਦੇਸ਼ ਤਬਾਹ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: