ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦੀ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਜਗ੍ਹਾ ਮਿਲੀ ਹੈ। ਬਾਇਡੇਨ ਨੇ ਐਲਾਨ ਕੀਤਾ ਕਿ ਕਿ ਭਾਰਤੀ-ਅਮਰੀਕੀ ਨੀਰਾ ਟੰਡਨ ਆਪਣੀ ਘਰੇਲੂ ਨੀਤੀ ਪ੍ਰੀਸ਼ਦ ਦੀ ਅਗਲੀ ਮੁਖੀ ਦੇ ਤੌਰ ‘ਤੇ ਬਾਹਰ ਜਾਣ ਵਾਲੇ ਸਲਾਹਕਾਰ ਸੂਜ਼ਨ ਰਾਈਸ ਦੀ ਥਾਂ ਲਵੇਗੀ। ਬਾਇਡੇਨ ਦੇ ਫੈਸਲੇ ਤੋਂ ਬਾਅਦ ਨੀਰਾ ਟੰਡਨ ਵ੍ਹਾਈਟ ਹਾਊਸ ਦੀ ਸਲਾਹਕਾਰ ਕੌਂਸਲ ਦੀ ਅਗਵਾਈ ਕਰਨ ਵਾਲੀ ਪਹਿਲੀ ਏਸ਼ੀਆਈ-ਅਮਰੀਕੀ ਬਣ ਗਈ ਹੈ।
ਇਸ ਤੋਂ ਪਹਿਲਾਂ ਨੀਰਾ ਟੰਡਨ ਵ੍ਹਾਈਟ ਹਾਊਸ ਵਿਚ ਸਟਾਫ ਸਕੱਤਰ ਵਜੋਂ ਕੰਮ ਕਰ ਚੁੱਕੀ ਹੈ। ਨੀਰਾ ਉੁਦੋਂ ਉਸ ਅਹੁਦੇ ‘ਤੇ ਆਸੀਨ ਹੋਣ ਵਾਲੀ ਪਹਿਲੀ ਭਾਰਤੀ-ਅਮਰੀਕੀ ਬਣੀ ਸੀ। ਉਨ੍ਹਾਂ ਨੇ ਰਾਸ਼ਟਰਪਤੀ ਬਾਇਡੇਨ ਦੀ ਸੀਨੀਅਰ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਟੰਡਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ ਵਿਚ ਵ੍ਹਾਈਟ ਹਾਊਸ ਵਿਚ ਘਰੇਲੂ ਨੀਤੀ ਦੀ ਸਹਾਇਕ ਡਾਇਰੈਕਟਰ ਤੇ ਪ੍ਰਥਮ ਮਹਿਲਾ ਦੇ ਸੀਨੀਅਰ ਨੀਤੀ ਸਲਾਹਕਾਰ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਟੰਡਨ ਅਮਰੀਕਾ ਸਿਹਤ ਤੇ ਮਨੁੱਖੀ ਸੇਵਾ ਮੰਤਰਾਲੇ ਵਿਚ ਸਿਹਤ ਸੁਧਾਰਾਂ ਦੀ ਸੀਨੀਅਰ ਸਲਾਹਕਾਰ ਰਹਿ ਚੁੱਕੀ ਹੈ। ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿਚ ਅਫੋਰਡੇਬਲ ਕੇਅਰ ਐਕਟ ਵਿਚ ਕੁਝ ਖਾਸ ਵਿਵਸਥਾਵਾਂ ‘ਤੇ ਕਾਂਗਰਸ ਤੇ ਹਿੱਤਧਾਰਕਾਂ ਨਾਲ ਮਿਲ ਕੇ ਕੰਮ ਕੀਤਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਚਿਆ ਇਤਿਹਾਸ ! ਪਹਿਲੀ ਵਾਰ ਹਾਸਲ ਕੀਤਾ ਨੰਬਰ-1 ਵਨਡੇ ਰੈਂਕਿੰਗ ਦਾ ਤਾਜ
ਟੰਡਨ ਕੋਲ ਨੀਤੀ ਤੇ ਪ੍ਰਬੰਧਨ ਵਿਚ ਦੋ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ ਜੋ ਕਿ ਵ੍ਹਾਈਟ ਹਾਊਸ ਵਿਚ ਨੀਤੀ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗਾ। ਘਰੇਲੂ, ਆਰਥਿਕ ਤੇ ਰਾਸ਼ਟਰੀ ਸੁਰੱਖਿਆ ਨੀਤੀ ਵਿਚ ਉੁਨ੍ਹਾਂ ਦਾ ਤਜਰਬਾ ਇਸ ਨਵੀਂ ਭੂਮਿਕਾ ਵਿਚ ਮਹੱਤਵਪੂਰਨ ਜਾਇਦਾਦ ਹੋਵੇਗੀ। ਵ੍ਹਾਈਟ ਹਾਊਸ ਦੇ ਸਟਾਫ ਸਕੱਤਰ ਵਜੋਂ ਟੰਡਨ ਦੀ ਨੁਯੁਕਤੀ 8 ਮਹੀਨੇ ਬਾਅਦ ਹੋਈ ਜਦੋਂ ਉਨ੍ਹਾਂ ਨੇ ਰਿਪਬਲਿਕਨ ਸੀਨੇਟਰਾਂ ਦੇ ਸਖਤ ਵਿਰੋਧ ਕਾਰਨ ਵ੍ਹਾਈਟ ਹਾਊਸ ਆਫਿਸ ਆਫ ਮੈਨੇਜਮੈਂਟ ਤੇ ਬਜਟ ਦੇ ਡਾਇਰੈਕਟਰ ਵਜੋਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -: