ਪੰਜਾਬ ਵਿੱਚ ਚੱਲ ਰਹੇ ਚੁਣਾਵੀ ਮਾਹੌਲ ਵਿਚਾਲੇ ਅੱਜ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨੇਤਾ ਡੇਰਿਆਂ ‘ਤੇ ਨਤਮਸਤਕ ਹੋਏ। ਭਾਜਪਾ ਆਗੂਆਂ ਨੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਮੱਥਾ ਟੇਕਿਆ, ਉੱਥੇ ਹੀ ਰਵਿਦਾਸੀਆ ਸਮਾਜ ਦੇ ਜਲੰਧਰ ਸਥਿਤ ਸਭ ਤੋਂ ਵੱਡੇ ਸੱਚਖੰਡ ਡੇਰਾ ਬੱਲਾਂ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮੱਥਾ ਟੇਕਿਆ।
ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਪੰਜਾਬ ਦੇ ਇੰਚਾਰਜ ਵਿਜੇ ਰੂਪਾਨੀ ਡੇਰਾ ਬਿਆਸ ਪੁੱਜੇ। ਜਿੱਥੇ ਉਨ੍ਹਾਂ ਡੇਰੇ ਜਾ ਕੇ ਅਸ਼ੀਰਵਾਦ ਲਿਆ, ਉੱਥੇ ਹੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਦੇ ਕੌਮੀ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਅਤੇ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਵੀ ਉਨ੍ਹਾਂ ਦੇ ਨਾਲ ਸਨ।
ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅੱਜ ਜਲੰਧਰ ਦੇ ਰਵਿਦਾਸੀਆ ਭਾਈਚਾਰੇ ਦੇ ਸਭ ਤੋਂ ਵੱਡੇ ਡੇਰੇ ਸੱਚਖੰਡ ਬੱਲਾ ਵਿਖੇ ਪੁੱਜੇ। ਉਨ੍ਹਾਂ ਪਹਿਲਾਂ ਡੇਰੇ ਵਿੱਚ ਜਾ ਕੇ ਮੱਥਾ ਟੇਕਿਆ, ਫਿਰ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਮਿਲਣ ਗਏ। ਇਸ ਦੌਰਾਨ ਉਨ੍ਹਾਂ ਸੰਤ ਨਿਰੰਜਨ ਦਾਸ ਨਾਲ ਦੁਪਹਿਰ ਵੇਲੇ ਲੰਗਰ ਛਕਿਆ।
ਇਹ ਵੀ ਪੜ੍ਹੋ : ਰਾਸ਼ਟਰਪਤੀ ਮੁਰਮੂ ਦੇ ਭਾਸ਼ਣ ਦੌਰਾਨ ਬਿਜਲੀ ਗੁਲ, ਫਿਰ ਵੀ ਪੜ੍ਹਦੇ ਰਹੇ ਭਾਸ਼ਣ, ਮੁਸਕੁਰਾਉਂਦੇ ਕਹੀ ਇਹ ਗੱਲ
ਮੁਲਾਕਾਤ ਤੋਂ ਬਾਅਦ ਰਾਘਵ ਚੱਢਾ ਨੇ ਟਵੀਟ ਕੀਤਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸੰਤ ਨਿਰੰਜਨ ਦਾਸ ਜੀ ਨੂੰ ਮਿਲਣ, ਉਨ੍ਹਾਂ ਨਾਲ ਬੈਠਣ ਅਤੇ ਲੰਗਰ ਛਕਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸੰਤਾਂ ਦੇ ਨਾਲ ਰਹਿ ਕੇ ਉਨ੍ਹਾਂ ਨੂੰ ਅਧਿਆਤਮਿਕਤਾ ਦਾ ਅਹਿਸਾਸ ਹੋਇਆ ਹੈ। ਅੰਤ ਵਿੱਚ ਲਿਖਿਆ ਹੈ ਕਿ ਉਹ ਸੰਤ ਨਿਰੰਜਨ ਦਾਸ ਜੀ ਨੂੰ ਮਿਲ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝ ਰਹੇ ਹਨ।
ਇਸ ਤੋਂ ਪਹਿਲਾਂ ਰਾਘਵ ਚੱਢਾ 4 ਮਈ ਨੂੰ ਵੀ ਡੇਰਾ ਬਿਆਸ ਗਏ ਸਨ। ਉਥੇ ਉਨ੍ਹਾਂ ਮੱਥਾ ਟੇਕਣ ਉਪਰੰਤ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਵੀ ਮੁਲਾਕਾਤ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: