ਭਾਰਤੀ ਕ੍ਰਿਕਟ ਟੀਮ ਨੂੰ ਹੁਣ ਆਈਸੀਸੀ ਵਨਡੇ ਰੈਂਕਿੰਗ ਵਿੱਚ ਆਸਟਰੇਲੀਆ ਖ਼ਿਲਾਫ਼ ਹਾਰ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਆਈਸੀਸੀ ਵੱਲੋਂ ਵੀਰਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ ਵਿੱਚ ਟੀਮ ਇੰਡੀਆ ਇੱਕ ਦਰਜਾ ਖਿਸਕ ਕੇ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਦੂਜੇ ਪਾਸੇ ਅਫਗਾਨਿਸਤਾਨ ਨੇ ਵੱਡਾ ਉਲਟਫੇਰ ਕੀਤਾ ਹੈ। ਅਫਗਾਨਿਸਤਾਨ ਦੀ ਟੀਮ ਨੇ ਸ਼੍ਰੀਲੰਕਾ ਅਤੇ ਵੈਸਟਇੰਡੀਜ਼ ਨੂੰ ਪਿੱਛੇ ਛੱਡ ਦਿੱਤਾ ਹੈ। ਆਸਟ੍ਰੇਲੀਆ ਨੇ ਇਸ ਸਾਲ ਉਸ ਦੇ ਘਰ ‘ਚ ਵਨਡੇ ਸੀਰੀਜ਼ ‘ਚ ਟੀਮ ਇੰਡੀਆ ਨੂੰ 2-1 ਨਾਲ ਹਰਾਇਆ ਸੀ। ਟੀਮ ਇੰਡੀਆ ਨੂੰ ਉਸ ਸੀਰੀਜ਼ ‘ਚ ਹਾਰ ਦਾ ਖਮਿਆਜ਼ਾ ਸਾਲਾਨਾ ਵਨਡੇ ਰੈਂਕਿੰਗ ‘ਚ ਭੁਗਤਣਾ ਪਿਆ ਹੈ।
ਰੈਂਕਿੰਗ ਦੇ ਸਾਲਾਨਾ ਅਪਡੇਟ ਤੋਂ ਬਾਅਦ 5 ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਨੇ ਆਪਣੀ ਰੇਟਿੰਗ ਵਿੱਚ ਪੰਜ ਅੰਕਾਂ ਦਾ ਸੁਧਾਰ ਕੀਤਾ ਹੈ। ਟੀਮ ਦੇ ਹੁਣ 118 ਰੇਟਿੰਗ ਅੰਕ ਹਨ। ਪਾਕਿਸਤਾਨ 116 ਰੇਟਿੰਗ ਅੰਕਾਂ ਨਾਲ ਦੂਜੇ ਅਤੇ ਭਾਰਤ 115 ਰੇਟਿੰਗ ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਆਈਸੀਸੀ ਦੀ ਰੀਲੀਜ਼ ਮੁਤਾਬਕ ‘ਸਾਲਾਨਾ ਅਪਡੇਟ ਤੋਂ ਪਹਿਲਾਂ, ਆਸਟਰੇਲੀਆ 113 ਅੰਕਾਂ ਨਾਲ ਟੌਪ ‘ਤੇ ਸੀ ਅਤੇ ਭਾਰਤ ਦਸ਼ਮਲਵ ਦੇ ਅੰਤਰ ਨਾਲ ਦੂਜੇ ਸਥਾਨ ‘ਤੇ ਸੀ। ਪਾਕਿਸਤਾਨ 112 ਅੰਕਾਂ ਨਾਲ ਤੀਜੇ ਸਥਾਨ ‘ਤੇ ਸੀ ਪਰ ਨਿਊਜ਼ੀਲੈਂਡ ਖਿਲਾਫ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਵਨਡੇ ਜਿੱਤਣ ਤੋਂ ਬਾਅਦ ਉਹ ਥੋੜ੍ਹੇ ਸਮੇਂ ਲਈ ਟੌਪ ‘ਤੇ ਪਹੁੰਚ ਗਿਆ।
ਜੇ ਪਾਕਿਸਤਾਨ ਨੇ ਪੰਜਵਾਂ ਵਨਡੇ ਜਿੱਤ ਲਿਆ ਹੁੰਦਾ ਤਾਂ ਉਹ ਸਾਰਣੀ ‘ਚ ਟੌਪ ‘ਤੇ ਰਹਿੰਦਾ ਪਰ ਨਿਊਜ਼ੀਲੈਂਡ ਨੇ ਉਸ ਨੂੰ ਮੈਚ ਜਿੱਤ ਕੇ ਸਾਰਣੀ ‘ਤੇ ਕਲੀਨ ਸਵੀਪ ਕਰਨ ਤੋਂ ਰੋਕ ਦਿੱਤਾ। ਮਈ 2020 ਤੋਂ ਬਾਅਦ ਪੂਰੀਆਂ ਹੋਈਆਂ ਸਾਰੀਆਂ ਵਨਡੇ ਸੀਰੀਜ਼ਾਂ ਨੂੰ ਆਈਸੀਸੀ ਦੀ ਸਾਲਾਨਾ ਰੈਂਕਿੰਗ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਮਈ 2022 ਤੋਂ ਪਹਿਲਾਂ ਪੂਰੀਆਂ ਹੋਈਆਂ ਲੜੀਵਾਰਾਂ ਲਈ 50 ਅੰਕ ਫ਼ੀਸਦੀ ਦਿੱਤੇ ਗਏ ਹਨ ਜਦਕਿ ਇਸ ਤੋਂ ਬਾਅਦ ਦੀਆਂ ਸਾਰੀਆਂ ਸੀਰੀਜ਼ਾਂ ਨੂੰ 100 ਅੰਕ ਫ਼ੀਸਦੀ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਜ਼ਰੂਰੀ ਹੋਣ ‘ਤੇ ਦੁਪਹਿਰੇ ਘਰੋਂ ਨਿਕਲੋ, ਪਾਣੀ ਦੀ ਬੋਤਲ ਰੱਖੋ ਨਾਲ, ਪੰਜਾਬ ‘ਚ ਲੂ ਨੂੰ ਲੈ ਕੇ ਐਡਵਾਇਜ਼ਰੀ ਜਾਰੀ
ਆਈਸੀਸੀ ਨੇ ਕਿਹਾ ਕਿ ”ਇਸਦਾ ਮਤਲਬ ਹੈ ਕਿ ਇੰਗਲੈਂਡ ਦੇ ਖਿਲਾਫ ਪਾਕਿਸਤਾਨ ਦੀ 0-4 ਦੀ ਹਾਰ ਨੂੰ ਇਸ ਰੈਂਕਿੰਗ ਤੋਂ ਹਟਾ ਦਿੱਤਾ ਗਿਆ ਹੈ, ਜਦੋਂਕਿ 2021 ‘ਚ ਉਸੇ ਟੀਮ ਦੇ ਖਿਲਾਫ 0-3 ਦੀ ਹਾਰ ਨੂੰ ਸਿਰਫ 50 ਫੀਸਦੀ ਰੇਟਿੰਗ ਅੰਕਾਂ ਲਈ ਗਿਣਿਆ ਜਾਵੇਗਾ। ਭਾਰਤ ਨੂੰ ਇਸ ਰੈਂਕਿੰਗ ‘ਚ ਆਸਟ੍ਰੇਲੀਆ ਖਿਲਾਫ 1-2 ਨਾਲ ਹਾਰ ਦਾ ਖਮਿਆਜ਼ਾ ਭੁਗਤਣਾ ਪਿਆ। ਨਿਊਜ਼ੀਲੈਂਡ (104) ਇਸ ਦਰਜਾਬੰਦੀ ਵਿੱਚ ਚੌਥੇ ਜਦਕਿ ਇੰਗਲੈਂਡ 10 ਰੇਟਿੰਗ ਅੰਕਾਂ ਦੇ ਨੁਕਸਾਨ ਨਾਲ ਪੰਜਵੇਂ ਸਥਾਨ ‘ਤੇ ਹੈ। ਉਸ ਦੇ ਨਾਂ 101 ਰੇਟਿੰਗ ਅੰਕ ਹਨ। ਅਫਗਾਨਿਸਤਾਨ ਨੇ ਸ਼੍ਰੀਲੰਕਾ (ਨੌਵਾਂ ਸਥਾਨ) ਅਤੇ ਵੈਸਟਇੰਡੀਜ਼ (10ਵੇਂ ਸਥਾਨ) ਨੂੰ ਪਛਾੜਦੇ ਹੋਏ ਅੱਠਵੇਂ ਸਥਾਨ ‘ਤੇ ਪਹੁੰਚ ਗਈ। ਦੱਖਣੀ ਅਫਰੀਕਾ ਛੇਵੇਂ ਅਤੇ ਬੰਗਲਾਦੇਸ਼ ਸੱਤਵੇਂ ਸਥਾਨ ’ਤੇ ਹੈ। ਵਨ ਡੇ ਵਿਸ਼ਵ ਕੱਪ ਇਸ ਸਾਲ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣਾ ਹੈ। ਇਸ ਤੋਂ ਪਹਿਲਾਂ ਕਈ ਵਨਡੇ ਖੇਡੇ ਜਾਣਗੇ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਰੈਂਕਿੰਗ ‘ਚ ਵੱਡਾ ਬਦਲਾਅ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: