ਚੰਡੀਗੜ੍ਹ ‘ਚ ਰਹਿ ਰਹੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖਬਰੀ ਹੈ। ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਆਨੰਦ ਮੈਰਿਜ ਐਕਟ-1909 ਨੂੰ ਲਾਗੂ ਕਰ ਦਿੱਤਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਚੰਡੀਗੜ੍ਹ ਨੇ ਯੂਟੀ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਆਨੰਦ ਮੈਰਿਜ ਐਕਟ-1909 ਵਿੱਚ ਰਜਿਸਟ੍ਰੇਸ਼ਨ ਲਈ 15 ਮਾਰਚ 2023 ਤੋਂ ਚੰਡੀਗੜ੍ਹ ਆਨੰਦ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2018 ਨੂੰ ਲਾਗੂ ਕਰ ਦਿੱਤਾ ਹੈ। ਦੱਸ ਦੇਈਏ ਕਿ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰੀਆ ਨੇ 22 ਫਰਵਰੀ 2023 ਨੂੰ ਚੰਡੀਗੜ੍ਹ ਦਾ ਦੌਰਾ ਕੀਤਾ ਸੀ।
ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਆਨੰਦ ਮੈਰਿਜ ਐਕਟ 2018 ਦੇ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਇਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਸੀ, ਜਿਸ ਵਿੱਚ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਵਿੱਚ ਸਹਿਮਤੀ ਬਣੀ ਸੀ। ਹੁਣ ਤੱਕ ਹਿੰਦੂ ਮੈਰਿਜ ਐਕਟ ਤਹਿਤ ਹੀ ਚੰਡੀਗੜ੍ਹ ਵਿੱਚ ਸਿੱਖਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਹੁੰਦੀ ਰਹੀ ਹੈ।
ਹੁਣ ਚੰਡੀਗੜ੍ਹ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਲੋਕ ਆਨੰਦ ਮੈਰਿਜ ਐਕਟ-1909 ਤਹਿਤ ਰਜਿਸਟਰਡ ਰੀਤੀ-ਰਿਵਾਜਾਂ ਮੁਤਾਬਕ ਆਪਣੇ ਵਿਆਹ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਰ ਵਸਨੀਕ ਵੀ ਇਸ ਐਕਟ ਤਹਿਤ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਮੁਤਾਬਕ ਹੋਇਆ ਹੈ।
ਇਹ ਵੀ ਪੜ੍ਹੋ : ਗੁਰੂਘਰ ‘ਚ ਫਿਲਮਾਏ ਗਦਰ-2 ਦੇ ਸੀਨ ਨੂੰ ਲੈ ਕੇ ਵਿਵਾਦ, ਸੰਨੀ ਦਿਓਲ ਤੇ ਨਿਰਦੇਸ਼ਕ ‘ਤੇ ਕਾਰਵਾਈ ਦੀ ਮੰਗ
ਬਿਨੈਕਾਰ ਮੈਰਿਜ ਬ੍ਰਾਂਚ (ਵਿੰਡੋ ਨੰ. 5), ਗਰਾਊਂਡ ਫਲੋਰ, ਡਿਪਟੀ ਕਮਿਸ਼ਨਰ ਦਫ਼ਤਰ, ਸੈਕਟਰ-17, ਚੰਡੀਗੜ੍ਹ ਤੋਂ ਬਿਨੈ-ਪੱਤਰ ਪ੍ਰਾਪਤ ਕਰਨ ਤੋਂ ਬਾਅਦ ਆਫਲਾਈਨ ਮੋਡ ਵਿੱਚ ਆਨੰਦ ਮੈਰਿਜ ਐਕਟ ਅਧੀਨ ਵਿਆਹ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਕੰਪਲਸਰੀ ਮੈਰਿਜ ਰਜਿਸਟ੍ਰੇਸ਼ਨ ਰੂਲਜ਼ 2012 ਦੇ ਤਹਿਤ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਮੈਰਿਜ ਸਰਟੀਫਿਕੇਟ ਪ੍ਰਦਾਨ ਕਰਨ ਲਈ ਪਹਿਲਾਂ ਹੀ ਲਾਗੂ ਕੀਤੇ ਆਨਲਾਈਨ ਪੋਰਟਲ ਨੂੰ ਸੋਧਿਆ ਜਾਵੇਗਾ ਤਾਂ ਜੋ ਆਨੰਦ ਮੈਰਿਜ ਐਕਟ ਅਧੀਨ ਅਪਲਾਈ ਕਰਨ ਵਾਲੇ ਬਿਨੈਕਾਰ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਣ।
ਵੀਡੀਓ ਲਈ ਕਲਿੱਕ ਕਰੋ -: