ਉੱਤਰਾਖੰਡ ‘ਚ ਪੱਛਮੀ ਗੜਬੜੀ ਦਾ ਪ੍ਰਭਾਵ ਅਜੇ ਵੀ ਜਾਰੀ ਹੈ। ਮੀਂਹ ਨਾਲ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸ ਦਾ ਅਸਰ ਚਾਰਧਾਮ ਯਾਤਰਾ ਅਤੇ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਵੀ ਪੈ ਰਿਹਾ ਹੈ। ਪਿਛਲੇ ਦਿਨੀਂ ਕੇਦਾਰਨਾਥ ਨੇੜੇ ਬਰਫ਼ ਦਾ ਤੂਫ਼ਾਨ ਆਉਣ ਤੋਂ ਬਾਅਦ ਯਾਤਰੀਆਂ ਵਿੱਚ ਡਰ ਦਾ ਮਾਹੌਲ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਲਈ ਯੈਲੋ ਅਲਰਟ ਜਾਰੀ ਰੱਖਿਆ ਹੈ। ਯਾਨੀ ਸਫਰ ਕਰੋ, ਪਰ ਆਪਣਾ ਵੀ ਖਿਆਲ ਰੱਖੋ।
ਦੱਸ ਦੇਈਏ ਕਿ ਵੀਰਵਾਰ ਨੂੰ ਕੇਦਾਰਨਾਥ ਧਾਮ ‘ਚ ਇਕ ਵਾਰ ਫਿਰ ਬਰਫ ਦਾ ਤੂਫਾਨ ਆਇਆ। ਮੰਦਰ ਤੋਂ 4 ਕਿਲੋਮੀਟਰ ਦੂਰ ਚੋਰਾਬਾੜੀ ਤਾਲ ਵੱਲ ਪਹਾੜੀਆਂ ‘ਚ ਬਰਫ ਦਾ ਤੂਫਾਨ ਆ ਗਿਆ। ਘਟਨਾ ਸਵੇਰ ਦੀ ਦੱਸੀ ਜਾ ਰਹੀ ਹੈ। ਬਰਫ਼ਬਾਰੀ ਤੋਂ ਬਾਅਦ ਕਰੀਬ 5 ਮਿੰਟ ਤੱਕ ਬਰਫ਼ ਦਾ ਧੂੰਆਂ ਨਜ਼ਰ ਆ ਰਿਹਾ ਸੀ। ਜਿਸ ਤੋਂ ਬਾਅਦ ਸ਼ਰਧਾਲੂਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕਰੀਬ 4 ਤੋਂ 5 ਮਿੰਟ ਤੱਕ ਸਿਰਫ ਬਰਫ ਦਾ ਧੂੰਆਂ ਹੀ ਦਿਖਾਈ ਦਿੱਤਾ। ਹਾਲਾਂਕਿ ਕੁਝ ਹੀ ਮਿੰਟਾਂ ਬਾਅਦ ਜਦੋਂ ਬਰਫ ਦਾ ਧੂੰਆਂ ਹਟ ਗਿਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਐੱਨ.ਟੀ.ਪੀ.ਸੀ. ਦੀ ਸੁਰੰਗ ਜੋਸ਼ੀਮਠ ਨੇੜੇ ਹੇਲਾਂਗ ਘਾਟੀ ‘ਚ ਹਾਈਡਰੋ ਪਾਵਰ ਪ੍ਰੋਜੈਕਟ ਲਈ ਬਣਾਈ ਜਾ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਰਵਾਰ ਨੂੰ ਘਾਟੀ ‘ਚ ਹੇਠਾਂ ਕਿਸੇ ਨਿਰਮਾਣ ਕਾਰਜ ਲਈ ਧਮਾਕਾ ਹੋਇਆ, ਜਿਸ ਤੋਂ ਬਾਅਦ ਪਹਾੜ ਦਾ ਇਕ ਹਿੱਸਾ ਟੁੱਟ ਕੇ ਸੜਕ ‘ਤੇ ਡਿੱਗ ਗਿਆ। ਇਸ ਭਿਆਨਕ ਜ਼ਮੀਨ ਖਿਸਕਣ ਤੋਂ ਬਾਅਦ ਬਦਰੀਨਾਥ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਹੇਮਕੁੰਟ ਯਾਤਰਾ ਰੂਟ ‘ਤੇ ਵੀ ਬੀਤੇ ਐਤਵਾਰ ਬਰਫ ਦੇ ਤੋਦੇ ਦੀ ਲਪੇਟ ‘ਚ ਆਉਣ ਨਾਲ 6 ਯਾਤਰੀ ਬਰਫ ਹੇਠਾਂ ਦੱਬ ਗਏ ਸਨ। ਸਮੇਂ ਸਿਰ ਰੈਸਕਿਊ ਆਪਰੇਸ਼ਨ ਚਲਾਇਆ ਗਿਆ, ਜਿਸ ਤੋਂ ਬਾਅਦ 5 ਯਾਤਰੀਆਂ ਦਾ ਬਚਾਅ ਹੋ ਗਿਆ, ਪਰ ਇਕ ਔਰਤ ਦੀ ਲਾਸ਼ ਬਰਾਮਦ ਹੋਈ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਇੱਕ ਹੋਰ ਹਿੰਦੂ ਕੁੜੀ ਦਾ ਅਗਵਾ, ਧਰਮਪਰਿਵਰਤਨ ਮਗਰੋਂ ਵਿਆਹ, ਪਿਤਾ ਬੇਵੱਸ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4 ਦਿਨਾਂ ਤੱਕ ਯੈਲੋ ਅਲਰਟ ਜਾਰੀ ਰਹਿਣ ਵਾਲਾ ਹੈ। ਇੱਥੇ ਮੀਂਹ ਪੈ ਸਕਦਾ ਹੈ, ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਹ ਅਲਰਟ ਪੂਰੇ ਉੱਤਰਾਖੰਡ ਨੂੰ ਧਿਆਨ ‘ਚ ਰੱਖਦੇ ਹੋਏ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਚਾਰਧਾਮ ਦੀ ਯਾਤਰਾ ਕਰਦੇ ਸਮੇਂ ਆਪਣਾ ਧਿਆਨ ਰੱਖਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: