ਕੇਂਦਰ ਦੀ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਤੇ ਹਰਿਆਣਾ ਵਿਚ ਰੈਲੀ ਕਰਨਗੇ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਹਰਿਆਣਾ ਦੀਆਂ ਸਾਰੀਆਂ 10, ਜਦੋਂ ਕਿ ਪੰਜਾਬ ਦੀਆਂ 13 ਸੀਟਾਂ ਵਿਚੋਂ 4 ਸੀਟਾਂ ਹਾਸਲ ਕੀਤੀਆਂ ਸਨ। ਇਨ੍ਹਾਂ ਵਿਚੋਂ 2 ਸੀਟਾਂ ਅਕਾਲੀ ਦਲ ਦੀਆਂ ਵੀ ਸ਼ਾਮਲ ਹਨ ਜੋ ਹੁਣ ਭਾਜਪਾ ਦਾ ਸਾਥ ਛੱਡ ਚੁੱਕੀ ਹੈ। ਕਾਂਗਰਸ ਨੂੰ ਪੰਜਾਬ ਵਿਚ 8 ਸੀਟਾਂ ਮਿਲੀਆਂ ਸਨ।
ਪੰਜਾਬ ਵਿਚ ਸ਼ਾਹ ਦੀ ਰੈਲੀ ਗੁਰਦਾਸਪੁਰ ਦੀ ਦਾਣਾ ਮੰਡੀ ਵਿਚ ਹੋਵੇਗੀ। ਇਥੇ ਉਹ ਦੁਪਹਿਰ ਲਗਭਗ 1 ਵਜੇ ਪਹੁੰਚਣਗੇ ਜਿਸ ਵਿਚ ਮੋਦੀ ਸਰਕਾਰ ਦੀਆਂ ਉਪਲਬਧੀਆਂ ਤੇ ਖਾਸ ਕਰਕੇ ਸਿੱਖਾਂ ਤੇ ਕਿਸਾਨ-ਗ੍ਰਾਮੀਆਂ ਲਈ ਕੰਮਾਂ ਨੂੰ ਗਿਣਾਉਣਗੇ। ਫਿਰ ਦੁਪਹਿਰ ਬਾਅਦ ਲਗਭਗ 4 ਵਜੇ ਉਹ ਹਰਿਆਣਾ ਦੇ ਸਿਰਸਾ ਵਿਚ ਰੈਲੀ ਕਰਨਗੇ। ਰੈਲੀ ਵਿਚ ਕਾਲੇ ਰੰਗ ਦੇ ਕੱਪੜੇ ਤੇ ਰੁਮਾਲ ਨੂੰ ਬੈਨ ਕੀਤਾ ਗਿਆ ਹੈ।
ਗੁਰਦਾਸਪੁਰ ਸੀਟ ਤੋਂ ਇਸ ਸਮੇਂ ਸੰਨੀ ਦਿਓਲ ਸਾਂਸਦ ਹਨ। ਇਥੇ ਉਨ੍ਹਾਂ ਦੀ ਗੈਰ-ਹਾਜ਼ਰੀ ਨੂੰ ਲੈ ਕੇ ਵਿਰੋਧੀ ਅਕਸਰ ਭਾਜਪਾ ਦੀ ਆਲੋਚਨਾ ਕਰਦੇ ਰਹਿੰਦੇ ਹਨ। ਇਸ ਸੀਟ ‘ਤੇ ਜ਼ਿਆਦਾਤਰ ਸ਼ਹਿਰੀ ਇਲਾਕੇ ਹਨ, ਇਸ ਲਈ ਭਾਜਪਾ ਇਸ ਨੂੰ ਅਗਲੇ ਸਾਲ ਚੋਣ ਵਿਚ ਗੁਆਉਣਾ ਨਹੀਂ ਚਾਹੁੰਦੀ। ਇਸ ਲਈ ਸ਼ਾਹ ਦੀ ਰੈਲੀ ਗੁਰਦਾਸਪੁਰ ਵਿਚ ਰਖਵਾਈ ਗਈ ਹੈ। ਇਥੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ 9 ਵਿਧਾਨ ਸਭਾ ਖੇਤਰਾਂ ਦੇ ਨੇਤਾਵਾਂ ਤੇ ਵਰਕਰਾਂ ਨੂੰ ਬੁਲਾਇਆ ਗਿਆ ਹੈ।
ਹਰਿਆਣਾ ਦੇ ਸਿਰਸਾ ਵਿਚ ਸ਼ਾਹ ਦੀ ਰੈਲੀ ਦੇ ਵੀ ਸਿਆਸੀ ਮਾਇਨੇ ਕੱਢੇ ਜਾ ਰਹੇ ਹਨ। ਇਥੋਂ ਅਜੇ ਭਾਜਪਾ ਦੀ ਸਾਂਸਦ ਸੁਨੀਤਾ ਦੁੱਗਲ ਹੈ। ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ‘ਤੇ ਸਰਵੇ ਕਰਵਾਇਆ ਸੀ ਜਿਸ ਵਿਚ ਰੋਹਤਕ ਤੇ ਸਿਰਸਾ ਵਿਚ ਪਾਰਟੀ ਦੀ ਸਥਿਤੀ ਕਮਜ਼ੋਰ ਨਜ਼ਰ ਆਈ ਸੀ। ਇਸ ਨੂੰ ਦੇਖਦੇ ਹੋਏ ਸ਼ਾਹ ਦਾ ਹਰਿਆਣਾ ਵਿਚ ਲੋਕ ਸਭਾ ਦਾ ਚੋਣ ਆਗਾਜ਼ ਸਿਰਸਾ ਤੋਂ ਕਰਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ, ਪੰਜਾਬ ਸਣੇ ਉੱਤਰ ਭਾਰਤ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, 4.1 ਰਹੀ ਤੀਬਰਤਾ
ਸ਼ਾਹ ਦੀ ਰੈਲੀ ਨੂੰ ਲੈ ਕੇ ਦੋਵੇਂ ਸੂਬਿਆਂ ਵਿਚ ਪੁਲਿਸ ਤੇ ਖੁਫੀਆ ਏਜੰਸੀਆਂ ਅਲਰਟ ਹਨ। ਉਨ੍ਹਾਂ ਨੂੰ ਸ਼ਾਹ ਦੀ ਰੈਲੀ ਦੇ ਵਿਰੋਧ ਦਾ ਖਦਸ਼ਾ ਹੈ। ਪੰਜਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਚੂਕ ਵਰਗੀ ਕੋਈ ਘਟਨਾ ਨਾ ਹੋਵੇ, ਇਸ ਲਈ ਪੁਲਿਸ ਸਖਤੀ ਦਿਖਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: