ਵਧਦੀ ਮਹਿੰਗਾਈ ਵਿਚਾਲੇ ਟਮਾਟਰਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਟਮਾਟਰ ਸਣੇ ਅਦਰਕ, ਲੱਸਣ ਵਰਗੀਆਂ ਰੋ਼ਜ਼ਾਨਾ ਵਰਤੋਂ ਦੀਆਂ ਖਾਣ ਵਾਲੀਆਂ ਚੀਜ਼ਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਇਸੇ ਨੂੰ ਲੈ ਕੇ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਅੱਜ ਸੈਕਟਰ 19 ਵਿੱਚ ਵਧਦੀ ਮਹਿੰਗਾਈ ਖ਼ਿਲਾਫ਼ ਵੱਖਰੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਯੂਥ ਕਾਂਗਰਸ ਵੱਲੋਂ ਕਾਰ ਨੂੰ ਟਮਾਟਰਾਂ ਨਾਲ ਸਜਾਇਆ ਗਿਆ। ਇਸ ਦੇ ਨਾਲ ਹੀ ਬੈਂਡ ਵਜਾਉਣ ਵਾਲਿਆਂ ਦਾ ਵੀ ਇੰਤਜ਼ਾਮ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਰਾਹੀਂ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਹੁਣ ਟਮਾਟਰ ਤੇ ਹੋਰ ਸਬਜ਼ੀਆਂ ਸਿਰਫ ਵਰਤਣ ਲਈ ਨਹੀਂ, ਸਗੋਂ ਬੈਂਕਾਂ ਦੇ ਲਾਕਰਾਂ ਵਿੱਚ ਤੇ ਸਜਾਵਟ ਲਈ ਵੀ ਵਰਤੀਆਂ ਜਾ ਸਕਦੀਆਂ ਹਨ।
ਚੰਡੀਗੜ੍ਹ ਕਾਂਗਰਸ ਦੇ ਆਗੂ ਹਰਮੇਲ ਕੇਸਰੀ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦਾ ਵਧਦੀ ਮਹਿੰਗਾਈ ’ਤੇ ਕੋਈ ਕਾਬੂ ਨਹੀਂ ਹੈ। ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਟਮਾਟਰ, ਅਦਰਕ, ਲਸਣ ਦੇ ਭਾਅ ਗਰੀਬ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਲਗਾਤਾਰ ਝੂਠ ਬੋਲ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਅੱਜ ਦੇਸ਼ ਵਿੱਚ ਹਰ ਪੰਜ ਦਿਨਾਂ ਬਾਅਦ ਇੱਕ ਯੂਨੀਵਰਸਿਟੀ ਖੋਲ੍ਹੀ ਜਾ ਰਹੀ ਹੈ। ਇੱਕ IIT ਹਰ ਤਿੰਨ ਦਿਨ ਬਾਅਦ ਖੁੱਲ ਰਿਹਾ ਹੈ, ਇੱਕ ਕਾਲਜ ਹਰ ਦੋ ਦਿਨ ਬਾਅਦ ਖੁੱਲ ਰਿਹਾ ਹੈ। ਅਸੀਂ ਪ੍ਰਧਾਨ ਮੰਤਰੀ ਤੋਂ ਜਾਣਨਾ ਚਾਹੁੰਦੇ ਹਾਂ ਕਿ ਦੇਸ਼ ਵਿੱਚ ਇਹ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਕਿੱਥੇ ਖੋਲ੍ਹੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ 200 ਇਮੀਗ੍ਰੇਸ਼ਨ-IELTS ਸੈਂਟਰਾਂ ‘ਤੇ ਐਕਸ਼ਨ ਦੀ ਤਿਆਰੀ, 20 ਦੇ ਲਾਇਸੈਂਸ ਰੱਦ
ਚੰਡੀਗੜ੍ਹ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਸੰਦੀਪ ਕੁਮਾਰ ਨੇ ਕਿਹਾ ਕਿ ਪੈਟਰੋਲ ਦੀ ਕੀਮਤ ਇੰਨੀ ਵੱਧ ਗਈ ਹੈ ਕਿ ਹੁਣ ਗਰੀਬ ਆਦਮੀ ਕਾਰ ਜਾਂ ਸਕੂਟਰ ਵੀ ਨਹੀਂ ਚਲਾ ਸਕਦਾ। ਕਾਰਾਂ ਅਤੇ ਸਕੂਟਰਾਂ ਨੂੰ ਘਰ ਵਿੱਚ ਹੀ ਖੜ੍ਹੇ ਕਰ ਸਕਦੇ ਹਾਂ। ਅਸੀਂ ਤੋਹਫ਼ੇ ਵਜੋਂ ਪੈਟਰੋਲ ਅਤੇ ਡੀਜ਼ਲ ਦੇ ਸਕਦੇ ਹਾਂ।
ਵੀਡੀਓ ਲਈ ਕਲਿੱਕ ਕਰੋ -: