ਜੇ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਮਰ ਵੀ ਰੁਕਾਵਟ ਨਹੀਂ ਆਉਂਦੀ। ਅਜਿਹੀ ਹੀ ਹੈ ਜਲੰਧਰ ‘ਚ 75 ਸਾਲ ਦੀ ਉਮਰ ‘ਚ ਖੇਤੀ ਕਰਨ ਵਾਲੀ ਪ੍ਰਿੰਸੀਪਲ ਨਵਰੂਪ ਕੌਰ। ਇਸ ਉਮਰ ਵਿੱਚ ਵੀ ਉਹ ਖੁਦ ਟਰੈਕਟਰ ਚਲਾ ਕੇ ਖੇਤੀ ਕਰਦੀ ਹੈ। ਖੇਤਾਂ ਵਿੱਚੋਂ ਜੋ ਵੀ ਫ਼ਸਲ ਨਿਕਲਦੀ ਹੈ, ਉਸ ਨੂੰ ਮੰਡੀ ਵਿੱਚ ਲੈ ਕੇ ਜਾਣ ਤੋਂ ਬਾਅਦ ਸਾਰਾ ਹਿਸਾਬ-ਕਿਤਾਬ ਵੀ ਖੁਦ ਕਰਦੀ ਹੈ। ਇੰਨਾ ਹੀ ਨਹੀਂ ਉਹ ਪਿੰਡ ਦੀ ਸਰਪੰਚ ਵੀ ਹੈ। ਉਹ ਪੂਰੇ ਪਿੰਡ ਨੂੰ ਵੀ ਸੰਭਾਲਦੀ ਹੈ।
ਉਸ ਦਾ ਮੰਨਣਾ ਹੈ ਕਿ ਸਿੱਖਿਆ ਤੋਂ ਵੱਡਾ ਕੋਈ ਹਥਿਆਰ ਨਹੀਂ ਹੈ, ਇਸ ਲਈ ਉਸ ਨੇ ਆਪਣੀ ਜਵਾਨੀ ਦੌਰਾਨ ਆਪਣੇ ਹੀ ਇੱਕ ਪਿੰਡ ਵਿੱਚ ਇੱਕ ਸਕੂਲ ਖੋਲ੍ਹਿਆ, ਜਿਸ ਦੀ ਪ੍ਰਿੰਸੀਪਲ ਉਹ ਖੁਦ ਸੀ। ਉਹ ਖੁਦ ਬੱਸ ਚਲਾਉਂਦੀ ਅਤੇ ਬੱਚਿਆਂ ਅਤੇ ਟੀਚਰਾਂ ਨੂੰ ਘਰੋਂ ਲਿਆਉਂਦੀ ਅਤੇ ਉਨ੍ਹਾਂ ਨੂੰ ਘਰ ਵਾਪਸ ਵੀ ਛੱਡਦੀ। ਸ਼ਾਇਦ ਤੁਸੀਂ ਸਾਰਿਆਂ ਨੇ ਅਜਿਹਾ ਕਿੱਸਾ ਪਹਿਲੀ ਵਾਰ ਸੁਣਿਆ ਹੋਵੇਗਾ ਕਿ ਇੱਕ ਪ੍ਰਿੰਸੀਪਲ ਖੁਦ ਬੱਚਿਆਂ ਨੂੰ ਚੁੱਕਣ ਅਤੇ ਛੱਡਣ ਲਈ ਡਰਾਈਵਰ ਵਜੋਂ ਕੰਮ ਕਰਦੀ ਹੋਵੇ।
ਨਵਰੂਪ ਕੌਰ ਨੇ ਕਿਹਾ ਕਿ ਉਹ ਸਵੈ-ਨਿਰਭਰ ਬਣ ਕੇ ਲੋਕਾਂ ਦੀ ਸੇਵਾ ਕਰਨ ਵਿਚ ਇੰਨੀ ਰੁੱਝ ਗਈ ਕਿ ਉਸ ਨੇ ਆਪਣੇ ਵਿਆਹ ਬਾਰੇ ਕਦੇ ਸੋਚਿਆ ਹੀ ਨਹੀਂ। ਉਸ ਨੇ ਦੱਸਿਆ ਕਿ ਉਸ ਦੇ ਮਾਤਾ-ਪਿਤਾ ਪੜ੍ਹੇ-ਲਿਖੇ ਸਨ, ਇਸ ਲਈ ਉਨ੍ਹਾਂ ਨੇ ਉਸ ਦੀ ਪੜ੍ਹਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਭਰਾ ਫੌਜ ਵਿਚ ਚਲਾ ਗਿਆ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿੰਡ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ ਖੋਲ੍ਹਿਆ।
ਨਵਰੂਪ ਕੌਰ ਨੇ ਕਿਹਾ ਕਿ ਮੇਰੇ ਦਿਲ ਵਿੱਚ ਸੀ ਕਿ ਮੈਂ ਆਪਣੇ ਪਿੰਡ ਦੇ ਬੱਚਿਆਂ ਨੂੰ ਪੜ੍ਹਾ ਸਕਾਂ, ਤਾਂ ਜੋ ਉਹ ਵੀ ਚੰਗਾ ਮੁਕਾਮ ਹਾਸਲ ਕਰ ਸਕੇ। ਅੱਜ ਉਹ ਇਸ ਗੱਲੋਂ ਵੀ ਖੁਸ਼ ਹੈ ਕਿ ਜਿਸ ਮਕਸਦ ਲਈ ਉਸ ਨੇ ਸਕੂਲ ਖੋਲ੍ਹਿਆ ਸੀ, ਉਸ ਵਿੱਚ ਉਹ ਸਫ਼ਲ ਰਹੀ ਹੈ। ਜਿੱਥੇ ਉਸ ਦੇ ਪੜ੍ਹੇ-ਲਿਖੇ ਬੱਚੇ ਅੱਜ ਅਫਸਰ ਹਨ, ਉਥੇ ਕਈ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋ ਗਏ। ਉਸ ਨੂੰ ਕੀਤੀ ਮਿਹਨਤ ਦਾ ਫਲ ਮਿਲਿਆ ਹੈ।
ਇਹ ਵੀ ਪੜ੍ਹੋ : PM ਕਿਸਾਨ ਯੋਜਨਾ ‘ਚ ਹੋਇਆ ਵੱਡਾ ਬਦਲਾਅ, ਕਰੋੜਾਂ ਕਿਸਾਨਾਂ ‘ਤੇ ਪਏਗਾ ਅਸਰ
ਨਵਰੂਪ ਕੌਰ ਨੇ ਦੱਸਿਆ ਕਿ ਸਕੂਲ ਬੰਦ ਹੋਣ ਤੋਂ ਬਾਅਦ ਮੈਂ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਕੰਮ ਵਿੱਚ ਮੈਨੂੰ ਕਾਫੀ ਰਾਹਤ ਮਿਲਦੀ ਹੈ। ਅਕਸਰ ਲੋਕ ਮੈਨੂੰ ਪੁੱਛਦੇ ਹਨ ਕਿ ਤੁਸੀਂ 75 ਸਾਲ ਦੀ ਉਮਰ ਵਿੱਚ ਟਰੈਕਟਰ ਕਿਵੇਂ ਚਲਾਉਂਦੇ ਹੋ, ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਮੇਰੇ ਸਰੀਰ ਨੂੰ ਹਿਲਾਉਂਦਾ ਹੈ ਅਤੇ ਜੇ ਮੈਂ ਕੰਮ ਨਾ ਕਰਾਂ, ਤਾਂ ਮੈਂ ਬੀਮਾਰ ਮਹਿਸੂਸ ਕਰਨ ਲੱਗਦੀ ਹਾਂ। ਉਹ ਕਿਸੇ ਕਿਸਮ ਦੀ ਦਵਾਈ ਨਹੀਂ ਲੈਂਦੀ, ਸਿਰਫ ਕੁਦਰਤੀ ਪ੍ਰੋਟੀਨ ਖਾਂਦੀ ਹੈ।
ਉਸ ਨੇ ਕਿਹਾ ਕਿ ਉਹ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਉਹ ਜੋ ਵੀ ਕੰਮ ਕਰਨਾ ਚਾਹੁੰਦੇ ਹਨ, ਉਸ ਨੂੰ ਤਨਦੇਹੀ ਨਾਲ ਕਰਨ। ਆਪਣੇ ਅੰਦਰ ਕਦੇ ਵੀ ਨਕਾਰਾਤਮਕਤਾ ਨਾ ਲਿਆਓ।
ਵੀਡੀਓ ਲਈ ਕਲਿੱਕ ਕਰੋ -: