ਪੰਜਾਬ ਦੇ ਹੁਸ਼ਿਆਰਪੁਰ ਦੇ ਦਸੂਹਾ ‘ਚ ਪਿਛਲੇ ਚਾਰ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸੋਮਵਾਰ ਸਵੇਰੇ ਲਾਇਬ੍ਰੇਰੀ ਚੌਕ ‘ਚ 60 ਸਾਲ ਪੁਰਾਣੀ ਇਕ ਇਮਾਰਤ ਡਿੱਗ ਗਈ। ਸ਼ਹਿਰ ਵਿੱਚ ਹੁਣ ਤੱਕ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਬੀਤੇ ਦਿਨ ਵੀ ਦਸੂਹਾ ਦੇ ਵਾਰਡ ਨੰਬਰ 4 ਦੇ ਵਸਨੀਕ ਰਾਜ ਕੁਮਾਰ ਦੇ ਘਰ ਦੀ ਛੱਤ ਡਿੱਗ ਗਈ ਸੀ। ਗ਼ਨੀਮਤ ਰਹੀ ਕਿ ਇਨ੍ਹਾਂ ਦੋਵਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਮਾਰਤ ਦੇ ਮਾਲਕ ਰਾਜੇਸ਼ ਮਹਾਜਨ ਨੇ ਦੱਸਿਆ ਕਿ ਇਲਾਕੇ ਦੇ ਚੌਕੀਦਾਰ ਨੇ ਫੋਨ ਕਰਕੇ ਇਮਾਰਤ ਡਿੱਗਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਇਮਾਰਤ 1965 ਵਿੱਚ ਬਣੀ ਸੀ। ਇਸ ਇਮਾਰਤ ਵਿਚ ਇਕ ਦੁਕਾਨ ਕਿਰਾਏ ‘ਤੇ ਦਿੱਤੀ ਗਈ ਸੀ। ਇਮਾਰਤ ਡਿੱਗਣ ਵੇਲੇ ਦੁਕਾਨ ਬੰਦ ਸੀ। ਇਮਾਰਤ ਦੇ ਆਲੇ-ਦੁਆਲੇ ਕੋਈ ਵੀ ਮੌਜੂਦ ਨਹੀਂ ਸੀ। ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਨਗਰ ਕੌਂਸਲ ਦੇ EO ਕਮਲਜਿੰਦਰ ਸਿੰਘ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ ਨੇ ਮੌਕੇ ਦਾ ਜਾਇਜ਼ਾ ਲੈਂਦਿਆਂ ਮਲਬਾ ਉਥੋਂ ਚੁੱਕਣ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ : ਫਿਰੋਜ਼ਪੁਰ ਕੇਂਦਰੀ ਜੇਲ੍ਹ ‘ਚ ਸਰਚ ਆਪਰੇਸ਼ਨ, 5 ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ
ਥਾਣਾ ਦਸੂਹਾ ਤੋਂ ASI ਗੁਰਬਚਨ ਸਿੰਘ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ। ਕੌਂਸਲਰ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ, ਕੌਂਸਲਰ ਸੰਤੋਖ ਤੋਖੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੁਕਸਾਨ ਦਾ ਮੁਆਵਜ਼ਾ ਪੀੜਤਾਂ ਨੂੰ ਜਲਦੀ ਦਿੱਤਾ ਜਾਵੇ। ਇਮਾਰਤ ਡਿੱਗਣ ਦੀਆਂ ਘਟਨਾਵਾਂ ਦਾ ਨੋਟਿਸ ਲੈਂਦਿਆਂ ਨਗਰ ਕੌਂਸਲ ਦਸੂਹਾ ਨੇ ਸ਼ਹਿਰ ਦੀਆਂ ਸਾਰੀਆਂ ਪੁਰਾਣੀਆਂ ਇਮਾਰਤਾਂ ਅਤੇ ਖਸਤਾਹਾਲ ਇਮਾਰਤਾਂ ਬਾਰੇ ਸਖ਼ਤ ਰੁਖ਼ ਅਖਤਿਆਰ ਕਰਦੇ ਹੋਏ ਸਾਰੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਨਗਰ ਕੌਂਸਲ ਦੇ EO ਕਮਲਜਿੰਦਰ ਨੇ ਦੱਸਿਆ ਕਿ ਨੋਟਿਸ ਦੇ ਬਾਅਦ ਵੀ ਜੇਕਰ ਜਲਦੀ ਹੀ ਇਮਾਰਤਾਂ ਦੇ ਮਾਲਕਾਂ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਿੱਗੀ ਇਮਾਰਤ ਦੇ ਮਾਲਕ ਨੂੰ ਉਕਤ ਜਗ੍ਹਾ ਤੋਂ ਮਲਬਾ ਹਟਾਉਣ ਲਈ ਨੋਟਿਸ ਵੀ ਜਾਰੀ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: