ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਘੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇੱਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰਿਆਣਾ ਨਾਲ ਪਾਣੀ ਸਬੰਧੀ ਉਨ੍ਹਾਂ ਦਾ ਕੇਸ ਸੁਪਰੀਮ ਕੋਰਟ ਵਿੱਚ ਹੈ। ਰਾਜਸਥਾਨ ਪੰਜਾਬ ਦੇ ਪਾਣੀਆਂ ਵਿੱਚ ਆਪਣਾ ਹਿੱਸਾ ਮੰਗਦਾ ਹੈ। ਇਸ ਤੋਂ ਇਲਾਵਾ ਹਿਮਾਚਲ ਪੰਜਾਬ ਨੂੰ ਆਉਣ ਵਾਲੇ ਪਾਣੀ ‘ਤੇ ਰਾਇਲਟੀ ਦੀ ਮੰਗ ਕਰ ਰਿਹਾ ਸੀ। ਹੁਣ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਹਨ। ਹਿੰਮਤ ਹੈ ਤਾਂ ਹਿਮਾਚਲ ਆਪਣਾ ਪਾਣੀ ਰੋਕ ਲਵੇ।
ਸੀ.ਐੱਮ. ਮਾਨ ਨੇ ਕਿਹਾ ਕਿ ਹੁਣ ਅਸੀਂ ਇਨ੍ਹਾਂ ਸਰਕਾਰਾਂ ਨੂੰ ਕਹਿੰਦੇ ਹਾਂ ਕਿ ਲੈ ਲਓ ਪਾਣੀ ਤਾਂ ਕਹਿੰਦੇ ਨਾ-ਨਾ ਅਸੀਂ ਨਹੀਂ ਲੈਣਾ। ਮਤਲਬ ਅਸੀਂ ਡੁੱਬਣ ਵਾਸਤੇ ਰਖੇ ਹੋਏ ਹਨ। ਹਿਮਾਚਲ ਕਹਿੰਦਾ ਸਾਨੂੰ ਦੇ ਦਿਓ ਪਾਣੀ ਤੇ ਹੁਣ ਰੋਕ ਲੈਣ ਆਪਣਾ ਪਾਣੀ। ਕੱਲ੍ਹ ਨੂੰ ਹਰਿਆਣਾ, ਰਾਜਸਥਾਨ ਕਹਿਣਗੇ ਸਾਡਾ ਇੰਨਾ ਹਿੱਸਾ ਬਣਦਾ ਹਾਂ ਮਤਲਬ ਹਿੱਸਾ ਮੰਗਣ ਵੇਲੇ ਆ ਜਾਂਦੇ ਓ, ਡੁੱਬਣ ਵੇਲੇ ਅਸੀਂ ਕੱਲੇ। ਉਨ੍ਹਾਂ ਕਿਹਾ ਕਿ ਉਂਝ ਹਿਮਾਚਲ ਕਹਿੰਦਾ ਹੈ ਕਿ ਅਸੀਂ ਜਿਹੜਾ ਪਾਣੀ ਦੇਵਾਂਗੇ ਉਸ ‘ਤੇ ਸੈੱਸ ਲਵਾਂਗੇ ਤੇ ਜਿਹੜਾ ਇੰਝ ਆਉਂਦਾ ਏ ਉਹ ਤੁਹਾਡਾ ਏ।’
ਮਾਨ ਨੇ ਕਿਹਾ ਕਿ ਹਿਮਾਚਲ ਦਾ ਕਹਿਣਾ ਹੈ ਕਿ ਪੰਜਾਬ ਦੇ ਪਾਣੀਆਂ ਵਿੱਚ ਉਨ੍ਹਾਂ ਦਾ 7.19 ਫੀਸਦੀ ਹਿੱਸਾ ਹੈ। ਉਹ ਰਾਇਲਟੀ ਚਾਹੁੰਦਾ ਹੈ। ਅਸੀਂ ਹਰਿਆਣਾ ਨੂੰ ਕਹਿ ਰਹੇ ਹਾਂ ਕਿ ਚਾਹੀਦਾ ਹੁਣ ਪਾਣੀ ਤਾਂ ਹਰਿਆਣਾ ਮਨ੍ਹਾ ਕਰ ਰਿਹਾ ਹੈ। ਰਾਜਸਥਾਨ ਦਾ ਵੀ ਇਹੀ ਹਾਲ ਹੈ। ਹਿੱਸਾ ਮੰਗਣ ਲਈ ਹਰ ਕੋਈ ਹੈ, ਪਰ ਡੁੱਬਣ ਵਾਲਾ ਪੰਜਾਬ ਹੀ ਹੈ।
ਇਹ ਵੀ ਪੜ੍ਹੋ : ਬਿਜਲੀ ਟਾਵਰ ‘ਤੇ ਚੜ੍ਹੇ ਬਜ਼ੁਰਗ, ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਬਿਨਾਂ ਨੋਟਿਸ ਕੱਢੇ ਗਏ 32 ਮੁਲਾਜ਼ਮ
ਸੀ.ਐੱਮ. ਮਾਨ ਨੇ ਕਿਹਾ ਕਿ ਬੇਸ਼ੱਕ ਆਫ਼ਤ ਵੇਲੇ ਕੋਈ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਪੰਜਾਬ ਦਾ ਦਿਲ ਬਹੁਤ ਵੱਡਾ ਹੈ। ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ। ਪੰਜਾਬ ਹਰ ਕਿਸੇ ਦਾ ਪੇਟ ਭਰਨ ਵਾਲਾ ਹੈ। ਕੁਦਰਤੀ ਆਫ਼ਤ ਪੂਰੀ ਦੁਨੀਆਂ ਵਿੱਚ ਕਿਤੇ ਵੀ ਆ ਸਕਦੀ ਹੈ। ਰੈੱਡ ਕਰਾਸ ਉੱਥੇ ਪਹੁੰਚੇ ਜਾਂ ਨਾ, ਪਰ ਪੰਜਾਬੀ ਉੱਥੇ ਗੁਰੂ ਦੇ ਲੰਗਰ ਦੀ ਸੇਵਾ ਕਰਨ ਪਹੁੰਚਦੇ ਹਨ।
ਵੀਡੀਓ ਲਈ ਕਲਿੱਕ ਕਰੋ -: