ਪੰਜਾਬ ਪੁਲਿਸ ਨੇ ਡ੍ਰੋਨ ਨਾਲ ਹਥਿਆਰ ਤੇ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦਾ ਭਾਂਡਾਫੋੜ ਕੀਤਾ ਹੈ। ਪੁਲਿਸ ਨੇ 4 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਹੋਏ ਹਨ। ਪੁਲਿਸ ਨੇ ਗੈਂਗਸਟਰ ਬਲਜਿੰਦਰ ਸਿੰਘ ਉਰਫ ਬਿੰਦਰੀ ਤੇ ਉਸ ਦੇ ਤਿੰਨ ਸਾਥੀਆੰ ਨੂੰ ਬਠਿੰਡਾ ਤੋਂ ਦਬੋਚਿਆ ਹੈ। ਇਹ ਸਫਲਤਾ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਬਠਿੰਡਾ ਪੁਲਿਸ ਦੇ ਜੁਆਇੰਟ ਆਪ੍ਰੇਸ਼ਨ ਵਿਚ ਹਾਸਲ ਕੀਤੀ। ਮੁਲਜ਼ਮਾਂ ਤੋਂ ਇਕ ਚੀਨੀ ਪਿਸਤੌਲ, ਪੰਜ ਕਾਰਤੂਸ, 270 ਗ੍ਰਾਮ ਹੈਰੋਇਨ ਤੇ ਇਕ ਆਡੀ ਕਾਰ ਬਰਾਮਦ ਹੋਈ ਹੈ।
ਹੋਰ ਮੁਲਜ਼ਮਾਂ ਵਿਚ ਬਲਜਿੰਦਰ ਸਿੰਘ ਉਰਫ ਪੈਂਜ ਵਾਸੀ ਪਿੰਡ ਮਾਹੀਨੰਗਲ ਥਾਣਾ ਤਲਵੰਡੀ ਸਾਬੋ (ਬਠਿੰਡਾ), ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਮਮਦੋਟ (ਫਿਰੋਜ਼ਪੁਰ) ਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਵਾਸੀ ਖੁੰਦਰ ਉਤਾੜ ਥਾਣਾ ਮਮਦੋਟ (ਫਿਰੋਜ਼ਪੁਰ) ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦਾ ਅਪਰਾਧਿਕ ਇਤਿਹਾਸ ਹੈ। ਪੁੱਛਗਿਛ ਵਿਚ ਕੀ ਹੋਰ ਰਾਜ਼ ਖੁੱਲ੍ਹਣ ਦੇ ਆਸਾਰ ਹਨ।
ਬਠਿੰਡਾ ਦੇ ਐੱਸਪੀ (ਡੀ) ਅਜੇ ਗਾਂਧੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਸੀਆਈਏ ਵਨ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਇਕ ਜੁਆਇੰਟ ਆਪ੍ਰੇਸ਼ਨ ਦੌਰਾਨ ਸਥਾਨਕ ਰਿੰਗ ਰੋਡ ਬਠਿੰਡਾ ਤੋਂ ਆ ਰਹੀ ਹਰਿਆਣਾ ਨੰਬਰ ਦੀ ਕਾਰ ਰੋਕੀ। ਉਸ ਵਿਚ ਸਾਰੇ ਮੁਲਜ਼ਮ ਸਵਾਰ ਸਨ। ਜਦੋਂ ਕਾਰ ਦੀ ਜਾਂਚ ਕੀਤੀ ਗਈ ਤਾਂ ਉਕਤ ਸਾਮਾਨ ਬਰਾਮਦ ਹੋਇਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਜਿੰਦਰ ਸਿੰਘ ਉਰਫ ਬਿੰਦਰੀ ਨੇ ਪੁਲਿਸ ਪੁੱਛਗਿਛ ਵਿਚ ਮੰਨਿਆ ਕਿ ਉਸ ਦੇ ਪਾਕਿਸਤਾਨ ਵਿਚ ਨਸ਼ਾ ਤਸਕਰਾਂ ਨਾਲ ਸਬੰਧ ਹਨ ਤੇ ਉਹ ਉਨ੍ਹਾਂ ਤੋਂ ਡ੍ਰੋਨ ਜ਼ਰੀਏ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਉਸ ਦੀ ਤਸਕਰੀ ਬਠਿੰਡਾ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿਚ ਕਰਦਾ ਹੈ। ਉਸ ਨੇ ਇਹ ਵੀ ਮੰਨਿਆ ਕਿ ਕਈ ਵਾਰ ਡ੍ਰੋਨ ਨਾਲ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਚੁੱਕਾ ਹੈ।
ਇਹ ਵੀ ਪੜ੍ਹੋ : ਭਾਰਤੀ ਸਰਹੱਦ ‘ਚ ਦਾਖ਼ਲ ਹੋਇਆ ਪਾਕਿਸਤਾਨੀ ਨਾਗਰਿਕ, ਤਲਾਸ਼ੀ ਲੈਣ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ
ਐੱਸਪੀ ਨੇ ਦੱਸਿਆ ਕਿ ਮੁਲਜ਼ਮ ‘ਤੇ ਪਹਿਲਾਂ ਵੀ ਹੈਰੋਇਨ ਤਸਕਰੀ ਦੇ 9 ਮਾਮਲੇ ਦਰਜ ਹਨ। ਮੁਲਜ਼ਮ ਮਨੀ ‘ਤੇ ਦੋ ਤੇ ਗੋਰਾ ‘ਤੇ ਇਕ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਰੰਗਦਾਰੀ, ਅਗਵਾ, ਆਰਮਸ ਤੇ NDPS ਐਕਟ ਦੇ ਮਾਮਲੇ ਵੀ ਦਰਜ ਹਨ। ਮੁਲਜ਼ਮਾਂ ਨੂੰ ਸ਼ੁੱਕਰਵਾਰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: