ਬੁੱਧਵਾਰ ਸਵੇਰੇ ਕਰੀਬ 7.30 ਵਜੇ ਪਟਿਆਲਾ ‘ਚ ਭਾਰੀ ਮੀਂਹ ਪਿਆ। ਮੀਂਹ ਕਾਰਨ ਰਾਘੋਮਾਜਰਾ ਇਲਾਕੇ ਵਿੱਚ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ। ਇਸ ਹਾਦਸੇ ‘ਚ ਘਰ ‘ਚ ਸੁੱਤੇ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਮੀਂਹ ਕਾਰਨ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।
ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਦੇਰ ਰਾਤ ਵਾਪਰਿਆ। ਪ੍ਰਵਾਸੀ ਮਜ਼ਦੂਰ ਰਾਘੋਮਾਜਰਾ ਇਲਾਕੇ ਵਿੱਚ ਜੰਗੀ ਜੱਥਾ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਇਸ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ ਹੈ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਮੁੰਨਾ ਲਾਲ ਅਤੇ ਰਮਾ ਸ਼ੰਕਰ ਵਜੋਂ ਹੋਈ ਹੈ, ਜਦੋਂ ਕਿ ਜ਼ਖ਼ਮੀਆਂ ਵਿੱਚ ਗੰਗਾ ਰਾਮ, ਸੰਤੋਸ਼ ਕੁਮਾਰ ਅਤੇ ਚਿਰੰਜੀ ਲਾਲ ਸ਼ਾਮਲ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਭਰ ਗਿਆ ਹੈ। ਕੁਝ ਦਿਨ ਪਹਿਲਾਂ ਪਏ ਮੀਂਹ ਤੋਂ ਬਾਅਦ ਹੜ੍ਹਾਂ ਦੀ ਮਾਰ ਝੱਲ ਰਹੇ ਪਟਿਆਲਾ ਦੇ ਲੋਕ ਡਰੇ ਹੋਏ ਹਨ।
ਇਹ ਵੀ ਪੜ੍ਹੋ : ਨਸ਼ਾ ਤਸਕਰਾਂ ਦੀ ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ‘ਤੇ ਹੋਵੇਗਾ ਐਕਸ਼ਨ, ਸਾਰੇ ਕੇਸ ਹੋਣਗੇ ਸਟੱਡੀ
ਬੁੱਧਵਾਰ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਨੇ ਪਟਿਆਲਾ ਸ਼ਹਿਰ ਅਤੇ ਇਸਦੇ ਆਸਪਾਸ ਦੇ ਇਲਾਕਿਆਂ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ ਹੈ। ਸ਼ਹਿਰ ਦੇ ਮੁੱਖ ਚੌਰਾਹਿਆਂ, ਬਾਜ਼ਾਰਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਇਨ੍ਹਾਂ ਵਿੱਚ ਖਾਸ ਕਰਕੇ ਰਾਘੋਮਾਜਰਾ, ਅਨਾਰਦਾਨਾ ਚੌਕ, ਆਰੀਆ ਸਮਾਜ ਚੌਕ, ਤ੍ਰਿਪੜੀ, ਗੁਰੂ ਨਾਨਕ ਨਗਰ, ਬਾਬਾ ਦੀਪ ਸਿੰਘ ਨਗਰ ਸ਼ਾਮਲ ਹਨ। ਨੀਵੇਂ ਇਲਾਕਿਆਂ ‘ਚ ਪਾਣੀ ਲੋਕਾਂ ਦੇ ਘਰਾਂ ‘ਚ ਵੀ ਵੜ ਗਿਆ ਹੈ, ਜਿਸ ਕਾਰਨ ਲੋਕ ਭਾਰੀ ਖ਼ਤਰੇ ‘ਚ ਹਨ।
ਵੀਡੀਓ ਲਈ ਕਲਿੱਕ ਕਰੋ -: