ਮਣੀਪੁਰ ਵਿਚ ਦੋ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਦੀ ਘਟਨਾ ਨੂੰ ਲੈ ਕੇ ਪੰਜਾਬ ਵਿਚ ਵੀ ਗੁੱਸਾ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਵੀ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਤੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਹਮਲਾ ਕੀਤੇ। ਪੰਜਾਬ ਆਪ ਨੇ ਕਿਹਾ ਕਿ ਆਪ ਮਹਿਲਾਵਾਂ ਦੀ ਸੁਰੱਖਿਆ ਦੀ ਬਜਾਏ 9 ਸਾਲ ਤੋਂ ਸਿਰਫ ਇਹ ਤੈਅ ਕਰਦੀ ਰਹੀ ਹੈ ਕਿ ਔਰਤਾਂ ਨੂੰ ਕਿਵੇਂ ਤੇ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਣੀਪੁਰ ਦੀ ਘਟਨਾ ‘ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਤੇ ਅਣਮਨੁੱਖੀ ਅਪਰਾਧ ਨੂੰ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦੇਣ ਦੀ ਮੰਗ ਕੀਤੀ। CM ਮਾਨ ਨੇ ਕਿਹਾ ਕਿ ਇਹ ਘਟਨਾ ਦੇਸ਼ ਦੀ ਅੰਤਰਆਤਮਾ ‘ਤੇ ਵੱਡਾ ਕਲੰਕ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀ ਕਿਸੇ ਵੀ ਤਰ੍ਹਾਂ ਤੋਂ ਮਾਫੀ ਦੇ ਲਾਇਕ ਨਹੀਂ ਹਨ ਤੇ ਅਜਿਹੇ ਲੋਕਾਂ ਤੋਂ ਦੇਸ਼ ਦੇ ਕਾਨੂੰਨ ਅਨੁਸਾਰ ਸਖਤ ਸਜ਼ਾ ਦੇ ਕੇ ਨਿਪਟਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਅਜਿਹਾ ਅਪਰਾਧ ਕਰਨ ਦੀ ਹਿੰਮਤ ਨਾ ਕਰੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਹ ਨਿਸ਼ਚਿਤ ਕਰੇ ਕਿ ਦੋਸ਼ੀਆਂ ਨੂੰ ਜਲਦ ਸਜ਼ਾ ਦਿੱਤੀ ਜਾਵੇ ਤਾਂ ਕਿ ਪੀਰਤਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਸ਼ੁੱਭਚਿੰਤਕਾਂ ਨੂੰ ਨਿਆਂ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਵਿਚ ਤੁਰੰਤ ਦਖਲ ਦੇਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਮਣੀਪੁਰ ਵਿਚ ਮਹਿਲਾਵਾਂ ਖਿਲਾਫ ਹੋਏ ਭਿਆਨਕ, ਬੇਸ਼ਰਮ ਅਪਰਾਧਾਂ ਤੋਂ ਹੈਰਾਨ ਹਾਂ। ਦੂਜੇ ਪਾਸੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮਣੀਪੁਰ ਵਿਚ ਵਾਪਰੀ ਘਟਨਾ ਦੇਸ਼ ਦੇ ਮੱਥੇ ‘ਤੇ ਕਲੰਕ ਹੈ।
ਮਜੀਠੀਆ ਨੇ ਟਵੀਟ ਕਰਕੇ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਮਣੀਪੁਰ ਵਿਚ ਵਾਪਰੀ ਘਟਨਾ ਦੇਸ਼ ਦੇ ਮੱਥੇ ‘ਤੇ ਕਲੰਕ ਹੈ। ਇਸ ਅਰਾਜਕਤਾ ਤੇ ਜੰਗਲ ਰਾਜ ਨੂੰ ਖਤਮ ਕਰੇ। ਜਾਤੀ ਸਮੂਹਾਂ, ਘੱਟ-ਗਿਣਤੀਆਂ ਤੇ ਔਰਤਾਂ ‘ਤੇ ਹੁੰਦੇ ਅੱਤਿਆਚਾਰਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਦੇਸ਼ ਦੀਆਂ ਧੀਆਂ ਦਾ ਅਪਮਾਨ ਕਰਨ ਵਾਲੇ ਅਤੇ ਬੇਗੁਨਾਹਾਂ ਨੂੰ ਬੇਰਹਿਮੀ ਨਾਲ ਮਾਰਨ ਵਾਲੇ ਪਸ਼ੂਆਂ ਅਤੇ ਕਸਾਈਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕੀਤਾ ਕਿ ਮਣੀਪੁਰ ਵਿਚ ਔਰਤਾਂ ਨੂੰ ਨਗਨ ਕਰਕੇ ਘੁਮਾਉਣ ਤੇ ਜਿਣਸੀ ਸ਼ੋਸ਼ਣ ਦੇ ਭਿਆਨਕ ਵੀਡੀਓ ਤੋਂ ਮੈਂ ਹੈਰਾਨ ਹਾਂ। ਲਗਭਗ ਤਿੰਨ ਮਹੀਨੇ ਹੋ ਗਏ ਪਰ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਵਿਚ ਹਿੰਸਾ ‘ਤੇ ਚੁੱਪ ਰਹੇ।
ਰਾਘਵ ਚੱਢਾ ਨੇ ਕਿਹਾ ਕਿ ਇਸ ਘਟਨਾ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉੁਨ੍ਹਾਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ NDA ਦੇ ਸਹਿਯੋਗੀਆਂ ਦੀ ਚੁੱਪ ‘ਤੇ ਸਵਾਲ ਚੁੱਕੇ। ਸਾਂਸਦ ਚੱਢਾ ਨੇ ਕਿਹਾ ਕਿ ਉੱਤਰ-ਪੂਰਬੀ ਸੂਬੇ ਵਿਚ ਹੋਈ ਹਿੰਸਾ ਨੂੰ ਦਰਸਾਉਣ ਵਾਲੀ ਸਮੱਗਰੀ ਹਰ ਦੂਜੇ ਦਿਨ ਸਾਹਮਣੇ ਆ ਰਹੀ ਹੈ। ਉਨ੍ਹਾਂ ਮਣੀਪੁਰ ਵਿਚ ਗੰਭੀਰ ਸਥਿਤੀ ਨੂੰ ਸਵੀਕਾਰ ਕਰਨ ਵਿਚ ਅਸਫਲ ਰਹਿਣ ਲਈ ਭਾਜਪਾ ਦੀ ਆਲੋਚਨਾ ਕਰਦੇ ਹੋਏ ਪੁੱਛਿਆ ਕਿ ਕੀ ਇਹ ਤੁਹਾਡਾ ਨਿਊ ਇੰਡੀਆ ਹੈ?
ਪੰਜਾਬ ‘ਆਪ’ ਮੁੱਖ ਦਫਤਰ ‘ਤੇ ਬੁਲਾਈ ਗਈ ਪ੍ਰੈੱਸ ਕਾਨਫਰੰਸ ਵਿਚ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਮਣੀਪੁਰ ਦੀ ਵੀਡੀਓ ਦੇਖਣ ਦੇ ਬਾਅਦ ਦੇਸ਼ ਭਰ ਦੀਆਂ ਮਹਿਲਾਵਾਂ ਡਰੀਆਂ ਤੇ ਸਹਿਮੀਆਂ ਹੋਈਆਂ ਹਨ। ਭਾਜਪਾ ਸਰਕਾਰ ਵਿਚ ਮਹਿਲਾਵਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਭਾਰਤ ਦੀ 7 ਸਾਲਾਂ ਧੀ ਨੂੰ ਮਿਲਿਆ ਵਧਾਇਆ ਮਾਨ, UK ‘ਚ ਮਿਲਿਆ ਪੁਆਇੰਟਸ ਆਫ ਲਾਈਟ ਐਵਾਰਡ
ਭਾਜਪਾ ਸਰਕਾਰ ਵਿਚ ਜਿਣਸੀ ਸ਼ੋਸ਼ਣ ਦੇ ਮੁਲਜ਼ਮ ਬ੍ਰਿਜਭੂਸ਼ਣ ਸ਼ਰਨ ਸਿੰਘ ਵਰਗੇ ਲੋਕ ਬੈਠੇ ਹਨ। ਇਸ ਪਾਰਟੀ ਨੇ ਬਿਲਿਕਸ ਬਾਨੋ ਦੇ ਅਪਰਾਧੀਆਂ ਨੂੰ ਛੁਡਾਇਆ। ਉਸ ਨੇ ਹਾਥਰਸ ਵਿਚ ਹੋਏ ਅਪਰਾਧ ਦੇ ਦੋਸ਼ੀਆਂ ਨੂੰ ਬਚਾਇਆ। ਭਾਜਪਾ ਦੇ ਆਈਟੀ ਸੈੱਲ ਦੇ ਲੋਕ ਸੋਸ਼ਲ ਮੀਡੀਆ ‘ਤੇ ਮਹਿਲਾਵਾਂ ਨੂੰ ਗਾਲ੍ਹਾਂ ਕੱਢਦੇ ਹਨ। ਮਾਣੂੰਕੇ ਨੇ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ ‘ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਮਣੀਪੁਰ ਵਿਚ ਕਾਨੂੰਨ ਵਿਵਸਥਾ ਪਿਛਲੇ ਦੋ ਮਹੀਨੇ ਤੋਂ ਖਰਾਬ ਹੈ ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਸੰਭਾਲਣ ਦੇ ਨਾਂ ‘ਤੇ ਉਥੇ ਪਿਛਲੇ ਦੋ ਮਹੀਨੇ ਤੋਂ ਸਰਕਾਰ ਨੇ ਇੰਟਰਨੈੱਟ ਬੰਦ ਕਰਕੇ ਰੱਖਿਆ ਹੈ। ਦਰਅਸਲ ਇੰਟਰਨੈੱਟ ਨੂੰ ਸੱਚਾਈ ਦਬਾਉਣ ਲਈ ਬੰਦ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: