ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿਨ-ਬ-ਦਿਨ ਲੁੱਟ-ਖੋਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦੂਜੇ ਪਾਸੇ ਜ਼ੀਰਕਪੁਰ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਨੈਚਰਾਂ ਨੇ ਇੱਕ ਔਰਤ ਦੀ ਚੇਨ ਖਿੱਚ ਲਈ। ਇਹ ਘਟਨਾ ਰਾਤ 8.45 ਵਜੇ ਉਸ ਸਮੇਂ ਵਾਪਰੀ ਜਦੋਂ ਸ਼ਿਵਾਨੀ ਦਹੀਆ ਐਕਟਿਵਾ ‘ਤੇ ਜਾ ਰਹੀ ਸੀ। ਉਸ ਦੇ ਨਾਲ 4 ਸਾਲ ਦਾ ਬੇਟਾ ਦੇਵੇਨ ਵੀ ਸੀ। ਉਦੋਂ ਅਚਾਨਕ ਦੋ ਬਾਈਕ ਸਵਾਰਾਂ ਨੇ ਪਿੱਛੇ ਤੋਂ ਆ ਕੇ ਸ਼ਿਵਾਨੀ ਦੇ ਗਲੇ ‘ਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ।
ਉਸ ਵੇਲੇ ਆਸ-ਪਾਸ ਕੋਈ ਨਹੀਂ ਸੀ, ਫਿਰ ਵੀ ਬਿਨਾਂ ਕਿਸੇ ਡਰ ਦੇ ਸ਼ਿਵਾਨੀ ਨੇ ਖੁਦ ਹੀ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਅੱਧਾ ਕਿਲੋਮੀਟਰ ਦੂਰ ਜਾ ਕੇ ਜਦੋਂ ਦੋਸ਼ੀ ਟ੍ਰੈਫਿਕ ਵਿੱਚ ਰੁਕਿਆ ਤਾਂ ਸ਼ਿਵਾਨੀ ਨੇ ਬਾਈਕ ਦੇ ਪਿੱਛੇ ਬੈਠੇ ਸਨੈਚਰ ਦੀ ਕਮੀਜ਼ ਫੜ ਲਈ। ਦੋਸ਼ੀ ਨੇ ਆਪਣੇ ਆਪ ਨੂੰ ਛੁਡਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਹ ਆਪਣੀ ਕਮੀਜ਼ ਛੁਡਾ ਨਹੀਂ ਸਕਿਆ। ਇਸ ਦੌਰਾਨ ਬਾਈਕ ਸਵਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਸ਼ਿਵਾਨੀ ਦੀ ਐਕਟਿਵਾ ਬੇਕਾਬੂ ਹੋ ਗਈ। ਸ਼ਿਵਾਨੀ ਜ਼ਮੀਨ ‘ਤੇ ਡਿੱਗ ਪਈ ਪਰ ਅਜੇ ਵੀ ਉਸ ਦੇ ਹੱਥ ‘ਚ ਦੋਸ਼ੀ ਦੀ ਕਮੀਜ਼ ਸੀ।
ਇਹ ਵੀ ਪੜ੍ਹੋ : CM ਮਾਨ ਵੱਲੋਂ ਨਿਵੇਕਲੀ ਪਹਿਲਕਦਮੀ: ਨੌਜਵਾਨਾਂ ਨੂੰ ਇੰਗਲਿਸ਼ ਸਿਖਾਉਣ ਲਈ ਚੁੱਕਿਆ ਇਹ ਕਦਮ
ਦੋਸ਼ੀ ਨੌਜਵਾਨ ਔਰਤ ਨੂੰ ਕਰੀਬ 20 ਮੀਟਰ ਤੱਕ ਸੜਕ ‘ਤੇ ਘਸੀਟਦਾ ਰਿਹਾ। ਔਰਤ ਦੇ ਗੋਡੇ ਛਿਲ ਗਏ, ਚਿਹਰੇ ‘ਤੇ ਸੱਟ ਲੱਗੀ ਪਰ ਸ਼ਿਵਾਨੀ ਨੇ ਦੋਸ਼ੀ ਨੂੰ ਨਹੀਂ ਛੱਡਿਆ। ਇਸ ਕਾਰਨ ਦੋਵੇਂ ਦੋਸ਼ੀ ਬਾਈਕ ਸਣੇ ਹੇਠਾਂ ਡਿੱਗ ਗਏ। ਬਾਈਕ ਸਵਾਰ ਦੋਸ਼ੀ ਤਾਂ ਫ਼ਰਾਰ ਹੋ ਗਿਆ, ਪਰ ਔਰਤ ਨੇ ਦੂਜੇ ਲੁਟੇਰੇ ਨੂੰ ਕਾਬੂ ਕਰ ਲਿਆ। ਦੋਸ਼ੀ ਨੇ ਲੱਤਾਂ ਵੀ ਮਾਰੀਆਂ, ਪਰ ਉਹ ਭੱਜ ਨਹੀਂ ਸਕਿਆ। ਉੱਥੋਂ ਲੰਘ ਰਹੇ ਲੋਕਾਂ ਨੇ ਵੀ ਆ ਕੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਔਰਤ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਬਾਕਸਿੰਗ ਕੋਚ ਹੈ। ਪਤਨੀ ਨੇ ਬਹੁਤ ਬਹਾਦਰੀ ਦਿਖਾਈ ਹੈ। ਸੱਟ ਲੱਗਣ ਤੋਂ ਬਾਅਦ ਉਹ ਆਪਣੀ ਪਤਨੀ ਅਤੇ ਪੁੱਤਰ ਨੂੰ ਢਕੌਲੀ ਦੇ ਸਰਕਾਰੀ ਹਸਪਤਾਲ ਲੈ ਕੇ ਗਿਆ, ਪਰ ਉੱਥੇ ਕੋਈ ਇਲਾਜ ਨਹੀਂ ਹੋਇਆ। ਇਸ ਤੋਂ ਬਾਅਦ ਨਿੱਜੀ ਹਸਪਤਾਲ ਜਾਣਾ ਪਿਆ। ਫਿਲਹਾਲ ਬੇਟੇ ਦੀ ਹਾਲਤ ਠੀਕ ਹੈ, ਜਦਕਿ ਸ਼ਿਵਾਨੀ ਨੂੰ ਠੀਕ ਹੋਣ ‘ਚ ਕੁਝ ਦਿਨ ਲੱਗਣਗੇ। ਉਸ ਦੀ ਲੱਤ ਵੀ ਟੁੱਟ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: