ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ, ਪਟਿਆਲਾ ਵਿਖੇ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ‘ਚ ਇੱਕ ਸਬ-ਇੰਸਪੈਕਟਰ (ਐਸ.ਆਈ.) ਅਤੇ ਪੱਤਰਕਾਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਨੇ ਇਹ ਕਾਰਵਾਈ ਪਰਦੀਪ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਪਰਦੀਪ ਸਿੰਘ ਨੇ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਵਿਖੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ (ਪਰਦੀਪ) ਅਤੇ ਉਸਦੀ ਪਤਨੀ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਹੈ, ਜਿਸ ਦੀ ਜਾਂਚ ਸਾਈਬਰ ਸੈੱਲ, ਪਟਿਆਲਾ ਦੇ ਇੰਚਾਰਜ ਸਬ ਇੰਸਪੈਕਟਰ (ਐਸ.ਆਈ.) ਪ੍ਰਿਤਪਾਲ ਸਿੰਘ ਨੂੰ ਸੌਂਪੀ ਗਈ ਸੀ।

ਸ਼ਿਕਾਇਤਕਰਤਾ ਮੁਤਾਬਕ ਉਸ ਦੀ ਮੁਲਾਕਾਤ ਪ੍ਰਿਤਪਾਲ ਸਿੰਘ ਨਾਲ ਪ੍ਰੈਸ ਰਿਪੋਰਟਰ ਐੱਸ.ਐੱਸ. ਮਲਹੋਤਰਾ ਰਾਹੀਂ ਹੋਈ। ਐਸ.ਆਈ. ਪ੍ਰਿਤਪਾਲ ਨੇ ਉਸ ਨੂੰ ਕਿਹਾ ਕਿ ਉਸ ਨਾਲ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਕੋਲ ਪਹੁੰਚ ਕਰਕੇ ਉਹ ਉਸਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਵੇ। ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਕਰਮਬੀਰ ਸਿੰਘ ਨੂੰ ਮਿਲਿਆ ਤਾਂ ਉਸ ਨੇ ਸ਼ਿਕਾਇਤਕਰਤਾ ਦੇ ਪੱਖ ਵਿੱਚ ਰਿਪੋਰਟ ਤਿਆਰ ਕਰਨ ਬਦਲੇ ਉਸ ਤੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗੀ।
ਇਹ ਵੀ ਪੜ੍ਹੋ : ਨਵੀਂ ਖੇਡ ਨੀਤੀ ਸਣੇ CM ਮਾਨ ਦੀ ਕੈਬਨਿਟ ਨੇ ਕਈ ਅਹਿਮ ਫੈਸਲਿਆਂ ‘ਤੇ ਲਾਈ ਮੋਹਰ
ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਟਰੈਪ ਲਗਾ ਕੇ ਕਾਂਸਟੇਬਲ ਕਰਮਬੀਰ ਸਿੰਘ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੇ ਤੌਰ ‘ਤੇ 10,000 ਰੁਪਏ ਦੀ ਪਹਿਲੀ ਕਿਸ਼ਤ ਲੈਂਦੇ ਹੋਏ ਮੌਕੇ ‘ਤੇ ਕਾਬੂ ਕਰ ਲਿਆ।
ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਵਿਖੇ ਐਸ.ਆਈ ਪ੍ਰਿਤਪਾਲ ਸਿੰਘ, ਸਿਪਾਹੀ ਕਰਮਬੀਰ ਸਿੰਘ ਅਤੇ ਰਿਪੋਰਟਰ ਮਲਹੋਤਰਾ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























