ਹਰਿਆਣਾ ਦੇ ਨੂੰਹ ‘ਚ ਬ੍ਰਜ ਮੰਡਲ ਯਾਤਰਾ ‘ਤੇ ਪਥਰਾਅ ਤੋਂ ਬਾਅਦ ਭੜਕੀ ਹਿੰਸਾ ਨੇ ਫਤਿਹਾਬਾਦ ‘ਚ ਇਕ ਘਰ ਦਾ ਚਿਰਾਗ ਬੁਝਾ ਦਿੱਤਾ। ਦੰਗਿਆਂ ਨੇ ਜਿੱਥੇ ਮਾਪਿਆਂ ਤੋਂ ਇਕਲੌਤਾ ਪੁੱਤਰ ਖੋਹ ਲਿਆ, ਉੱਥੇ ਹੀ ਦੋ ਬੱਚਿਆਂ ਦੇ ਸਿਰਾਂ ਤੋਂ ਪਿਓ ਦਾ ਸਾਇਆ ਵੀ ਉੱਠ ਗਿਆ। ਬਦਮਾਸ਼ਾਂ ਨੇ ਪਤਨੀ ਦੇ ਮੱਥੇ ਤੋਂ ਸਿੰਦੂਰ ਵੀ ਮਿਟਾ ਦਿੱਤਾ। ਹਿੰਸਾ ‘ਚ ਸ਼ਹੀਦ ਹੋਇਆ ਹੋਮਗਾਰਡ ਜਵਾਨ ਗੁਰਸੇਵਕ ਸਿੰਘ ਫਤਿਹਾਬਾਦ ਦੇ ਟੋਹਾਣਾ ਬਲਾਕ ਦੇ ਪਿੰਡ ਫਤਿਹਪੁਰੀ ਦਾ ਰਹਿਣ ਵਾਲਾ ਸੀ।
32 ਸਾਲਾਂ ਗੁਰਸੇਵਕ ਸਿੰਘ 10 ਸਾਲ ਪਹਿਲਾਂ ਹੋਮਗਾਰਡ ਵਿੱਚ ਭਰਤੀ ਹੋਇਆ ਸੀ ਅਤੇ ਹੁਣ ਫਤਿਹਾਬਾਦ ਜ਼ਿਲ੍ਹੇ ਵਿੱਚ ਤਾਇਨਾਤ ਸੀ। ਉਸ ਨੂੰ 7 ਜੁਲਾਈ ਨੂੰ ਹੀ ਅਸਥਾਈ ਤੌਰ ‘ਤੇ ਗੁਰੂਗ੍ਰਾਮ ‘ਚ ਤਾਇਨਾਤ ਕੀਤਾ ਗਿਆ ਸੀ ਜਾਂ ਕਹਿ ਲਓ ਕਿ ਉਸ ਦੀ ਮੌਤ ਉਸ ਨੂੰ ਉੱਥੇ ਲੈ ਗਈ ਸੀ। ਗੁਰਸੇਵਕ ਸਿੰਘ ਉਥੇ ਖੇੜਕੀ ਦੌਲਾ ਥਾਣੇ ਵਿੱਚ ਤਾਇਨਾਤ ਸੀ ਅਤੇ ਕੱਲ੍ਹ ਉਹ ਪੁਲੀਸ ਟੀਮ ਨਾਲ ਗੁਰੂਗ੍ਰਾਮ ਤੋਂ ਮੇਵਾਤ ਜਾ ਰਿਹਾ ਸੀ ਜਦੋਂ ਬਦਮਾਸ਼ਾਂ ਨੇ ਗੱਡੀ ’ਤੇ ਪਥਰਾਅ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਹੋਮ ਗਾਰਡ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਗੁਰਸੇਵਕ ਸੀ।
ਗੰਭੀਰ ਜ਼ਖ਼ਮੀ ਹੋਏ ਗੁਰਸੇਵਕ ਨੂੰ ਸੋਹਾਣਾ ਦੇ ਸਰਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ। ਗੁਰਸੇਵਕ ਸਿੰਘ ਦੇ ਪਿਤਾ ਸਾਹਸੀ ਸਿੰਘ ਖੇਤੀ ਕਰਦੇ ਹਨ। ਗੁਰਸੇਵਕ ਦਾ ਵਿਆਹ ਕੁਝ ਸਾਲ ਪਹਿਲਾਂ ਪੰਜਾਬ ਦੇ ਮੂਨਕ ਇਲਾਕੇ ਵਿੱਚ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ, ਜਿਸ ਵਿੱਚ 6 ਸਾਲ ਦੀ ਮਾਸੂਮ ਬੇਟੀ ਅਤੇ 4 ਸਾਲ ਦਾ ਬੇਟਾ ਹੈ।
ਨੂਹ ਹਿੰਸਾ ਦਾ ਸ਼ਿਕਾਰ ਹੋਏ ਹੋਮਗਾਰਡ ਗੁਰਸੇਵਕ ਸਿੰਘ ਦੇ ਪਰਿਵਾਰ ਨੂੰ ਜਦੋਂ ਇਸ ਦਰਦਨਾਕ ਘਟਨਾ ਬਾਰੇ ਪਤਾ ਲੱਗਾ ਤਾਂ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਗੁਰਸੇਵਕ ਦੀ ਪਤਨੀ ਅਤੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਔਰਤਾਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਮਾਂ ਅਜੇ ਵੀ ਪੁੱਤਰ ਦੀ ਉਡੀਕ ਕਰ ਰਹੀ ਹੈ ਅਤੇ ਕਹਿ ਰਹੀ ਹੈ ਕਿ ਉਸ ਦਾ ਸੇਵਕ ਕਿੱਥੇ ਗਿਆ ਹੈ, ਉਹ ਆਵੇਗਾ। ਉਸ ਦਾ ਪੁੱਤਰ ਇੱਕਲਾ ਰੋਟੀ ਕਮਾਉਣ ਵਾਲਾ ਸੀ, ਉਹ ਆਪਣੇ ਪੁੱਤਰ ਲਈ ਤਰਸ ਰਹੀ ਹੈ। ਜੇ ਸੇਵਕ ਨਹੀਂ ਆਇਆ ਤਾਂ ਹਰਾ ਚਾਰਾ ਕੌਣ ਲਿਆਵੇਗਾ? ਉਸ ਦੇ ਛੋਟੇ-ਛੋਟੇ ਬੱਚੇ ਹਨ, ਉਨ੍ਹਾਂ ਦਾ ਕੀ ਬਣੇਗਾ, ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪੁੱਤਰ ਇਕ ਦਿਨ ਇਸ ਤਰ੍ਹਾਂ ਚਲਾ ਜਾਵੇਗਾ।
ਦੂਜੇ ਪਾਸੇ ਰੋਂਦੀ ਹੋਈ ਪਤਨੀ ਨੇ ਦੱਸਿਆ ਕਿ ਗੁਰਸੇਵਕ ਨੂੰ ਝਿੜਕਦੇ ਹੋਏ ਕਿਸੇ ਨੇ ਉਸ ਤੋਂ ਫੋਨ ਖੋਹ ਲਿਆ ਅਤੇ ਉਸ ਨਾਲ ਗੱਲ ਨਹੀਂ ਕਰਨ ਦਿੱਤੀ। ਉਸ ਦਾ ਕਹਿਣਾ ਹੈ ਕਿ ਬੀਤੀ ਸ਼ਾਮ ਉਨ੍ਹਾਂ ਨੇ ਬਰੇਟਾ ਵਿੱਚ ਰਿਸ਼ਤੇਦਾਰੀ ਵਿੱਚ ਜਗਰਾਤੇ ਵਿੱਚ ਜਾਣਾ ਸੀ, ਜਿਸ ਦੇ ਲਈ ਗੁਰਸੇਵਕ ਉਥੇ ਬੈਠਾ ਮੋਬਾਈਲ ‘ਤੇ ਟ੍ਰੇਨ ਦੀਆਂ ਸੀਟਾਂ ਵੇਖ ਰਿਹਾ ਸੀ। ਉਸ ਨਾਲ 12 ਵਜੇ ਤੋਂ 2 ਵਜੇ ਤੱਕ ਕਈ ਵਾਰ ਇਸੇ ਨੂੰ ਲੈ ਕੇ ਗੱਲ ਹੁੰਦੀ ਰਹੀ।
ਇਹ ਵੀ ਪੜ੍ਹੋ : ਕਿਸੇ ਵੇਲੇ ਵੀ ਸਤਲੁਜ ਦਰਿਆ ‘ਚ ਸਮਾ ਸਕਦੈ 300 ਅਬਾਦੀ ਵਾਲਾ ਪਿੰਡ ਕਾਲੂਵਾਲਾ, ਸਹਿਮੇ ਲੋਕ
ਗੁਰਸੇਵਕ ਨੂੰ ਉਸ ਦੇ ਜਾਣ ਦੀ ਚਿੰਤਾ ਸੀ ਅਤੇ ਕਹਿ ਰਿਹਾ ਸੀ ਕਿ ਟਰੇਨ ਲੇਟ ਹੈ, ਬਾਈਕ ‘ਤੇ ਚੱਲੇ ਜਾਣਾ। ਫਿਰ 2 ਵਜੇ ਦੇ ਕਰੀਬ ਜਦੋਂ ਆਖਰੀ ਗੱਲ ਹੋ ਰਹੀ ਸੀ ਤਾਂ ਪਿੱਛੇ ਤੋਂ ਕਿਸੇ ਨੇ ਆ ਕੇ ਪੁੱਛਿਆ ਕਿ ਮੋਬਾਈਲ ‘ਤੇ ਕੀ ਕਰ ਰਹੇ ਹੋ, ਗੁਰਸੇਵਕ ਨੇ ਉਸ ਨੂੰ ਰੇਲਗੱਡੀ ਦੀਆਂ ਸੀਟਾਂ ਦੇਖਣ ਦੀ ਗੱਲ ਕਹੀ ਤਾਂ ਦੂਜੇ ਬੰਦੇ ਨੇ ਉਸ ਨਾਲ ਗਲਤ ਬੋਲਦੇ ਹੋਏ ਫੋਨ ਖੋਹ ਲਿਆ ਅਤੇ ਫਿਰ ਉਸ ਨਾਲਗੱਲ ਨਹੀਂ ਹੋਈ। ਉਹ ਲਗਾਤਾਰ ਫੋਨ ਕਰਦੇ ਰਹੇ, ਹੁਣ ਤੱਕ ਫੋਨ ਕੋਈ ਨਹੀਂ ਚੁੱਕ ਰਿਹਾ ਸੀ।
ਉਸ ਨੇ ਦੱਸਿਆ ਕਿ ਗੁਰਸੇਵਕ ਆਖਰੀ ਵਾਰ 24 ਜੁਲਾਈ ਨੂੰ ਘਰੋਂ ਡਿਊਟੀ ‘ਤੇ ਗਿਆ ਸੀ, ਜਿਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ। ਹੁਣ ਕੋਈ ਘੱਟੋ-ਘੱਟ ਇਹ ਤਾਂ ਦੱਸੇ ਕਿ ਉਸ ਦੇ ਪਤੀ ਨੂੰ ਕੀ ਹੋਇਆ।
ਵੀਡੀਓ ਲਈ ਕਲਿੱਕ ਕਰੋ -: