ਕਰੀਬ ਦੋ ਮਹੀਨਿਆਂ ਤੋਂ ਅਸਮਾਨ ਨੂੰ ਛੂਹ ਰਹੇ ਟਮਾਟਰਾਂ ਦੇ ਭਾਅ ਹੋਰ ਕਰੰਟ ਦੇਣ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ। ਟਮਾਟਰ ਦੀ ਕੀਮਤ 200 ਰੁਪਏ ਪ੍ਰਤੀ ਕਿਲੋ ਦੇ ਪਾਰ ਜਾ ਸਕਦੀ ਹੈ। ਸਿਰਫ਼ ਥੋਕ ਵਪਾਰੀ ਹੀ 200 ਰੁਪਏ ਦੇ ਕਰੀਬ ਟਮਾਟਰ ਖਰੀਦਣ ਲਈ ਮਜਬੂਰ ਹਨ। ਅਜਿਹੇ ‘ਚ ਇਹ ਸਮਝਿਆ ਜਾ ਸਕਦਾ ਹੈ ਕਿ ਪ੍ਰਚੂਨ ਬਾਜ਼ਾਰ ‘ਚ ਇਸ ਦੀਆਂ ਕੀਮਤਾਂ ਕਿੱਥੋਂ ਤੱਕ ਜਾ ਸਕਦੀਆਂ ਹਨ।
ਉੱਤਰਾਖੰਡ ਦੇ ਬਾਜ਼ਾਰ ਵਿੱਚ ਇੱਕ ਕਰੇਟ ਟਮਾਟਰ ਦੀ ਕੀਮਤ 4,100 ਰੁਪਏ ਤੱਕ ਪਹੁੰਚ ਗਈ ਹੈ। ਇੱਕ ਕਰੇਟ ਵਿੱਚ 25 ਕਿਲੋ ਟਮਾਟਰ ਹੁੰਦੇ ਹਨ। ਜੇ ਮੰਡੀ ਪ੍ਰਸ਼ਾਸਨ ਨੂੰ ਦਿੱਤੇ ਜਾਣ ਵਾਲੇ ਕਮਿਸ਼ਨ ‘ਚ ਮਾਲ ਨੂੰ ਦਿੱਲੀ ਲਿਆਉਣ ਦਾ ਕਿਰਾਇਆ ਜੋੜ ਦਿੱਤਾ ਜਾਵੇ ਤਾਂ ਦਿੱਲੀ ਮੰਡੀ ‘ਚ ਇਹ ਕੀਮਤ 5000 ਰੁਪਏ ਤੱਕ ਪਹੁੰਚ ਸਕਦੀ ਹੈ। ਇਹੀ ਕਾਰਨ ਹੈ ਕਿ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ ਇੰਨੀ ਜ਼ਿਆਦਾ ਪਹੁੰਚ ਜਾਣ ਦੀ ਸੰਭਾਵਨਾ ਹੈ, ਜਿਸ ਨੂੰ ਦੇਖਦੇ ਹੋਏ ਲੋਕਾਂ ਨੂੰ ਅੱਜ ਦੀ ਕੀਮਤ ਘੱਟ ਲੱਗਣ ਲੱਗੇਗੀ।
ਇੱਕ ਰਿਪੋਰਟ ਮੁਤਾਬਕ ਦਿੱਲੀ ਦੀ ਕੇਸ਼ਾਪੁਰ ਮੰਡੀ ‘ਚ ਸਰਦਾਰ ਟੋਨੀ ਸਿੰਘ ਨਾਂ ਦਾ ਵਪਾਰੀ ਦੇਹਰਾਦੂਨ ਦੇ ਵਿਕਾਸ ਨਗਰ ਤੋਂ 4100 ਰੁਪਏ ਪ੍ਰਤੀ ਕਰੇਟ ਦੇ ਹਿਸਾਬ ਨਾਲ ਟਮਾਟਰ ਲੈ ਕੇ ਆਇਆ ਹੈ। ਟੋਨੀ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਜ਼ਿੰਦਗੀ ਵਿੱਚ ਕਦੇ ਵੀ ਟਮਾਟਰਾਂ ਦੇ ਇੰਨੇ ਉੱਚੇ ਭਾਅ ਨਹੀਂ ਦੇਖੇ। ਇਸ ਸਾਲ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸੀਜ਼ਨ ‘ਚ ਟਮਾਟਰ ਆਮ ਤੌਰ ‘ਤੇ 1200 ਤੋਂ 1500 ਰੁਪਏ ਪ੍ਰਤੀ 25 ਕਿਲੋ ਦੇ ਹਿਸਾਬ ਨਾਲ ਮਿਲਦੇ ਹਨ।
ਇਹ ਵੀ ਪੜ੍ਹੋ : ਕਿਸੇ ਵੇਲੇ ਵੀ ਸਤਲੁਜ ਦਰਿਆ ‘ਚ ਸਮਾ ਸਕਦੈ 300 ਅਬਾਦੀ ਵਾਲਾ ਪਿੰਡ ਕਾਲੂਵਾਲਾ, ਸਹਿਮੇ ਲੋਕ
ਫਿਲਹਾਲ ਦਿੱਲੀ ਦੇ ਪ੍ਰਚੂਨ ਬਾਜ਼ਾਰ ‘ਚ ਟਮਾਟਰ 150 ਤੋਂ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਟਮਾਟਰ ਵਪਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਕੁਝ ਹਿੱਸਿਆਂ ‘ਚ ਮਾਨਸੂਨ ਦੀ ਜ਼ਿਆਦਾ ਬਾਰਿਸ਼ ਅਤੇ ਕੁਝ ਇਲਾਕਿਆਂ ‘ਚ ਘੱਟ ਬਾਰਿਸ਼ ਕਾਰਨ ਟਮਾਟਰ ਦੀ ਫਸਲ ਬਰਬਾਦ ਹੋ ਗਈ ਹੈ। ਇਸ ਸਮੇਂ ਦੇਸ਼ ਵਿੱਚ ਟਮਾਟਰਾਂ ਦੀ ਭਾਰੀ ਕਮੀ ਹੈ। ਇਹੀ ਕਾਰਨ ਹੈ ਕਿ ਜੂਨ ਤੋਂ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ।
ਸਬਜ਼ੀ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਲਹੋਤਰਾ ਨੇ ਦੱਸਿਆ ਕਿ ਉੱਤਰਾਖੰਡ, ਮਹਾਰਾਸ਼ਟਰ, ਹਰਿਆਣਾ ਅਤੇ ਕਰਨਾਟਕ ਤੋਂ ਦਿੱਲੀ ਨੂੰ ਟਮਾਟਰ ਦੀ ਸਪਲਾਈ ਹੁੰਦੀ ਹੈ। ਸਾਲ 2021 ਅਤੇ 2022 ਵਿੱਚ ਟਮਾਟਰ ਦੀ ਬੰਪਰ ਫਸਲ ਹੋਈ ਸੀ। ਫਿਰ ਕਿਸਾਨਾਂ ਨੂੰ ਆਪਣੀ ਫਸਲ ਸੁੱਟਣੀ ਪਈ ਕਿਉਂਕਿ ਮੰਡੀ ਦਾ ਭਾਅ ਇੰਨਾ ਘੱਟ ਸੀ ਕਿ ਫਸਲਾਂ ਨੂੰ ਮੰਡੀਆਂ ਤੱਕ ਪਹੁੰਚਾਉਣ ਦਾ ਕਿਰਾਇਆ ਵੀ ਵਸੂਲ ਨਹੀਂ ਸੀ ਹੁੰਦਾ। ਇਹੀ ਕਾਰਨ ਹੈ ਕਿ ਇਸ ਸਾਲ ਉੱਤਰਾਖੰਡ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੇ ਟਮਾਟਰ ਦੀ ਫਸਲ ਘੱਟ ਉਗਾਈ ਹੈ।
ਵੀਡੀਓ ਲਈ ਕਲਿੱਕ ਕਰੋ -: