ਆਫਤ ਪ੍ਰਭਾਵਿਤ ਹਿਮਾਚਲ ਪ੍ਰਦੇਸ਼ ਤੋਂ ਹਰ ਰੋਜ਼ ਜ਼ਮੀਨ ਖਿਸਕਣ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਤੇਜ਼ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਤਬਾਹੀ ਹੋਈ ਹੈ। ਹੁਣ ਕੁੱਲੂ ਵਿੱਚ ਭਾਰੀ ਢਿੱਗਾਂ ਡਿੱਗਣ ਕਾਰਨ ਕਈ ਉੱਚੀਆਂ ਇਮਾਰਤਾਂ ਢਹਿ ਗਈਆਂ ਹਨ। ਕੁੱਲੂ ਦੇ ਆਨੀ ‘ਚ ਬੱਸ ਸਟੈਂਡ ਨੇੜੇ ਬਣੀਆਂ ਘੱਟੋ-ਘੱਟ 7 ਇਮਾਰਤਾਂ ਇੱਕੋ ਸਮੇਂ ਢਹਿ ਗਈਆਂ। ਕੁਝ ਹੋਰ ਇਮਾਰਤਾਂ ਖਤਰੇ ਵਿੱਚ ਹਨ।
ਹਾਦਸੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਤੇ ਹਾਹਾਕਾਰ ਮੱਚ ਗਈ ਹੈ ਅਤੇ ਘਾਟੀ ‘ਚ ਧੂੜ ਦੇ ਬੱਦਲ ਛਾਏ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ‘ਚੋਂ ਕੁਝ ਉਸਾਰੀ ਅਧੀਨ ਇਮਾਰਤਾਂ ਸਨ, ਜਦਕਿ ਕੁਝ ‘ਚ ਲੋਕ ਰਹਿ ਰਹੇ ਸਨ। ਜ਼ਮੀਨ ਖਿਸਕਣ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਨ੍ਹਾਂ ਮਕਾਨਾਂ ਨੂੰ ਖਾਲੀ ਕਰਵਾ ਲਿਆ ਸੀ। ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ ‘ਤੇ ਮੌਜੂਦ ਹੈ।
ਢਹਿ ਢੇਰੀ ਹੋਈਆਂ ਦੋ ਇਮਾਰਤਾਂ ਵਿੱਚ ਬੈਂਕਾਂ ਦੇ ਦਫ਼ਤਰ ਚੱਲ ਰਹੇ ਸਨ। ਹੋਰਨਾਂ ਦੇ ਕਿਰਾਏਦਾਰ ਅਤੇ ਦੁਕਾਨਾਂ ਸਨ। ਕੁਝ ਇਮਾਰਤਾਂ ਉਸਾਰੀ ਅਧੀਨ ਸਨ। ਖੁਸ਼ਕਿਸਮਤੀ ਨਾਲ ਕੁੱਲੂ ਜ਼ਿਲ੍ਹਾ ਪ੍ਰਸ਼ਾਸਨ ਨੇ ਖਤਰੇ ਨੂੰ ਭਾਂਪਦਿਆਂ ਇਨ੍ਹਾਂ ਇਮਾਰਤਾਂ ਅਤੇ ਘਰਾਂ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਸੀ। ਇਸ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਅਜੇ ਵੀ ਤਿੰਨ-ਚਾਰ ਹੋਰ ਮਕਾਨਾਂ ਦੇ ਢਹਿ ਜਾਣ ਦੀ ਸੰਭਾਵਨਾ ਹੈ।
ਦਰਅਸਲ ਇੱਕ ਮਹੀਨਾ ਪਹਿਲਾਂ ਹੋਈ ਭਾਰੀ ਬਰਸਾਤ ਕਾਰਨ ਇਨ੍ਹਾਂ ਘਰਾਂ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਮਾਰਤ ਮਾਲਕਾਂ ਨੂੰ ਖਾਲੀ ਕਰਨ ਦੇ ਨੋਟਿਸ ਦਿੱਤੇ ਸਨ। ਆਨੀ ਦੇ ਐਸਡੀਐਮ ਨਰੇਸ਼ ਵਰਮਾ ਨੇ ਦੱਸਿਆ ਕਿ ਇਮਾਰਤ ਡਿੱਗਣ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਸੀ। ਮਾਲ ਵਿਭਾਗ ਦੀ ਟੀਮ ਮੌਕੇ ’ਤੇ ਜਾ ਕੇ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ।
ਇਹ ਵੀ ਪੜ੍ਹੋ : YouTube ‘ਤੇ ਜਲਦ ਹੀ ਤੁਸੀਂ ਧੁਨ ਗੁਣਗੁਣਾ ਕੇ ਲਭ ਸਕੋਗੇ ਆਪਣਾ ਮਨਪਸੰਦ ਗਾਣਾ, ਇਹ ਹੋਵੇਗਾ ਤਰੀਕਾ
ਜ਼ਿਕਰਯੋਗ ਹੈ ਕਿ ਹਿਮਾਚਲ ‘ਚ ਮਾਨਸੂਨ ਸੀਜ਼ਨ ਦੌਰਾਨ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਾਨ-ਮਾਲ ਦਾ ਨੁਕਸਾਨ ਹੋ ਰਿਹਾ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀ ਰਿਪੋਰਟ ਮੁਤਾਬਕ ਸੂਬੇ ਭਰ ‘ਚ ਹੁਣ ਤੱਕ 2237 ਘਰ ਅਤੇ 300 ਦੁਕਾਨਾਂ ਤਬਾਹ ਹੋ ਚੁੱਕੀਆਂ ਹਨ। ਜਦਕਿ 9924 ਘਰਾਂ ਨੂੰ ਅੰਸ਼ਿਕ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: