ਏਸ਼ੀਆ ਕੱਪ 2023 ਦੇ ਤਹਿਤ 5ਵਾਂ ਮੈਚ ਭਾਰਤ ਅਤੇ ਨੇਪਾਲ ਵਿਚਾਲੇ ਖੇਡਿਆ ਗਿਆ। ਕੈਂਡੀ ਦੇ ਪੱਲੇਕੇਲੇ ਸਟੇਡੀਅਮ ਵਿੱਚ ਮੀਂਹ ਨੇ ਇੱਕ ਵਾਰ ਫਿਰ ਭਾਰਤ ਦੇ ਮੈਚ ਵਿੱਚ ਵਿਘਨ ਪਾਇਆ। ਹਾਲਾਂਕਿ ਮੀਂਹ ਕਾਰਨ ਹੋਏ ਇਸ ਮੈਚ ਵਿੱਚ ਟੀਮ ਇੰਡੀਆ ਨੇ ਨੇਪਾਲ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ 10 ਵਿਕਟਾਂ ਨਾਲ ਹਰਾਇਆ। ਮੀਂਹ ਕਾਰਨ ਦੂਜੀ ਪਾਰੀ ਵਿੱਚ ਮੈਚ ਨੂੰ 50 ਤੋਂ ਘਟਾ ਕੇ 23 ਓਵਰ ਕਰ ਦਿੱਤਾ ਗਿਆ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਸੁਪਰ-4 ਵਿੱਚ ਵੀ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਇਕ ਵਾਰ ਫਿਰ ਸੁਪਰ-4 ਕ੍ਰਿਕਟ ਪ੍ਰਸ਼ੰਸਕਾਂ ਨੂੰ ਭਾਰਤ ਬਨਾਮ ਪਾਕਿਸਤਾਨ ਵਿਚਾਲੇ ਮੈਚ ਦੇਖਣ ਨੂੰ ਮਿਲੇਗਾ।
ਦੱਸ ਦੇਈਏ ਕਿ ਪਾਕਿਸਤਾਨ ਨੇ ਗਰੁੱਪ ਏ ‘ਚ ਚੋਟੀ ‘ਤੇ ਜਗ੍ਹਾ ਬਣਾ ਲਈ ਹੈ ਜਦਕਿ ਟੀਮ ਇੰਡੀਆ ਦੂਜੇ ਸਥਾਨ ‘ਤੇ ਰਹਿ ਕੇ ਸੁਪਰ-4 ‘ਚ ਪ੍ਰਵੇਸ਼ ਕਰ ਚੁੱਕੀ ਹੈ। ਏਸ਼ੀਆ ਕੱਪ ਦੇ ਸ਼ਡਿਊਲ ਮੁਤਾਬਕ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਪਰ-4 ਦਾ ਇਹ ਮੈਚ 10 ਸਤੰਬਰ ਨੂੰ ਸ਼੍ਰੀਲੰਕਾ ਦੇ ਹੰਬਨਟੋਟਾ ‘ਚ ਖੇਡਿਆ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਕੈਂਡੀ ਵਾਂਗ ਹੰਬਨਟੋਟਾ ‘ਚ ਵੀ ਮੀਂਹ ਨਹੀਂ ਪਵੇਗਾ ਅਤੇ ਕ੍ਰਿਕਟ ਪ੍ਰਸ਼ੰਸਕ ਪੂਰੇ ਮੈਚ ਦਾ ਆਨੰਦ ਲੈ ਸਕਣਗੇ।
ਭਾਰਤ ਅਤੇ ਨੇਪਾਲ ਵਿਚਾਲੇ ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨੇਪਾਲ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 48.2 ਓਵਰਾਂ ‘ਚ ਸਾਰੀਆਂ ਵਿਕਟਾਂ ਦੇ ਨੁਕਸਾਨ ‘ਤੇ 230 ਦੌੜਾਂ ਬਣਾਈਆਂ। ਇਹ ਪਹਿਲਾ ਮੌਕਾ ਸੀ ਜਦੋਂ ਭਾਰਤ ਅਤੇ ਨੇਪਾਲ ਵਿਚਾਲੇ ਕੋਈ ਮੈਚ ਖੇਡਿਆ ਗਿਆ ਸੀ ਪਰ ਪਹਿਲੀ ਵਾਰ ਖੁਦ ਨੇਪਾਲ ਨੇ ਭਾਰਤੀ ਗੇਂਦਬਾਜ਼ਾਂ ਦੇ ਪਸੀਨੇ ਛੁਡਾ ਦਿੱਤੇ। ਨੇਪਾਲ ਲਈ ਆਸਿਫ ਨੇ 58 ਦੌੜਾਂ ਅਤੇ ਆਲਰਾਊਂਡਰ ਸੋਮਪਾਲ ਕਾਮੀ ਨੇ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ : ਤਰਨਤਾਰਨ CIA ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਕਰੋੜਾਂ ਦੀ ਹੈਰੋਇਨ ਸਣੇ ਦੋ ਭਰਾਵਾਂ ਨੂੰ ਕੀਤਾ ਕਾਬੂ
ਜਵਾਬ ‘ਚ ਭਾਰਤ ਨੇ 2.1 ਓਵਰਾਂ ‘ਚ ਸਿਰਫ 17 ਦੌੜਾਂ ਹੀ ਬਣਾ ਲਈਆਂ ਸਨ ਜਦੋਂ ਬਾਰਿਸ਼ ਸ਼ੁਰੂ ਹੋ ਗਈ। ਇਸ ਤੋਂ ਬਾਅਦ ਡਕਵਰਥ ਲੁਈਸ ਨਿਯਮ ਦੇ ਤਹਿਤ ਭਾਰਤ ਨੂੰ 23 ਓਵਰਾਂ ‘ਚ 145 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੂੰ ਜਿੱਤ ਲਈ ਬਾਕੀ ਬਚੇ 20.5 ਓਵਰਾਂ ਵਿੱਚ 128 ਦੌੜਾਂ ਦੀ ਲੋੜ ਸੀ। ਟੀਮ ਇੰਡੀਆ ਨੇ ਬਿਨਾਂ ਕਿਸੇ ਨੁਕਸਾਨ ਦੇ 20.1 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ। ਰੋਹਿਤ ਸ਼ਰਮਾ ਨੇ ਨਾਬਾਦ 74 ਦੌੜਾਂ ਬਣਾਈਆਂ ਜਦਕਿ ਸ਼ੁਭਮਨ ਗਿੱਲ ਨੇ ਨਾਬਾਦ 67 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -: