ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਮੁੱਖ ਰੇਲਵੇ ਲਾਈਨ ‘ਤੇ ਖੜ੍ਹੀ ਮਾਲ ਗੱਡੀ ਨਾਲ ਇਕ ਯਾਤਰੀ ਟਰੇਨ ਦੀ ਟੱਕਰ ਹੋ ਗਈ। ਇਸ ਹਾਦਸੇ ‘ਚ ਘੱਟੋ-ਘੱਟ 31 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਰਿਪੋਰਟ ਮੁਤਾਬਕ ਇਹ ਹਾਦਸਾ ਸ਼ੇਖਪੁਰਾ ਜ਼ਿਲ੍ਹੇ ਦੇ ਕਿਲਾ ਸੱਤਾਰ ਸ਼ਾਹ ਸਟੇਸ਼ਨ ਨੇੜੇ ਐਤਵਾਰ ਨੂੰ ਵਾਪਰਿਆ। ਦਰਅਸਲ, ਯਾਤਰੀ ਟਰੇਨ ਮੀਆਂਵਾਲੀ ਤੋਂ ਲਾਹੌਰ ਜਾ ਰਹੀ ਸੀ। ਰੇਲਵੇ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਟਰੇਨ ਡਰਾਈਵਰ ਨੇ ਹਾਦਸੇ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਬਚਾਅ ਟੀਮ ਦਾ ਕਹਿਣਾ ਹੈ ਕਿ ਇਸ ਹਾਦਸੇ ‘ਚ 31 ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ‘ਚੋਂ 5 ਗੰਭੀਰ ਜ਼ਖਮੀਆਂ ਨੂੰ ਜ਼ਿਲਾ ਹੈੱਡਕੁਆਰਟਰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰੇਲਵੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਲਾਹੌਰ ਡਿਵੀਜ਼ਨ ‘ਚ ਟਰੇਨਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਟਰੈਕ ਨੂੰ ਸਾਫ਼ ਕੀਤਾ ਗਿਆ ਸੀ। ਟਰੇਨ ਡਰਾਈਵਰ ਇਮਰਾਨ ਸਰਵਰ ਅਤੇ ਉਸ ਦੇ ਸਹਾਇਕ ਮੁਹੰਮਦ ਬਿਲਾਲ ਸਮੇਤ ਚਾਰ ਰੇਲਵੇ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉੱਪ ਪ੍ਰਮੁੱਖ ਅਧਿਕਾਰੀ ਦੀ ਅਗਵਾਈ ‘ਚ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ, ਜੋ 24 ਘੰਟਿਆਂ ‘ਚ ਘਟਨਾ ਸਬੰਧੀ ਆਪਣੀ ਰਿਪੋਰਟ ਸੌਂਪੇਗਾ। ਰੇਲਵੇ ਚੇਅਰਮੈਨ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੇਲਵੇ ਦੇ ਸੀਈਓ ਸ਼ਾਹਿਦ ਅਜ਼ੀਜ਼ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਨਾਪਾਕ ਹਰਕਤ, ਸਰਹੱਦੀ ਚੌਂਕੀ ਨੇੜਿਓਂ 12 ਪੈਕੇਟ ਹੈਰੋਇਨ ਤੇ ਲੱਖਾਂ ਰੁਪਏ ਬਰਾਮਦ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਰੇਲ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਇਸ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਵਿਗੜਦੇ ਰੇਲਵੇ ਸਿਸਟਮ ‘ਤੇ ਹਾਦਸੇ ਆਮ ਹਨ। ਪਿਛਲੇ ਇੱਕ ਦਹਾਕੇ ਵਿੱਚ ਦੇਸ਼ ਵਿੱਚ ਕਈ ਖਤਰਨਾਕ ਰੇਲ ਹਾਦਸੇ ਹੋਏ ਹਨ। ਇਸ ਸਾਲ ਅਗਸਤ ਵਿੱਚ ਕਰਾਚੀ ਤੋਂ 275 ਕਿਲੋਮੀਟਰ ਦੂਰ ਸਿੰਧ ਸੂਬੇ ਦੇ ਨਵਾਬਸ਼ਾਹ ਜ਼ਿਲ੍ਹੇ ਵਿੱਚ ਸਹਾਰਾ ਰੇਲਵੇ ਸਟੇਸ਼ਨ ਨੇੜੇ ਹਵੇਲੀਅਨ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਪਟੜੀ ਤੋਂ ਉਤਰ ਜਾਣ ਕਾਰਨ ਘੱਟੋ-ਘੱਟ 56 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਹੋਰ ਜ਼ਖ਼ਮੀ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: