ਜੌਬ ਸਰਚ ਪੋਰਟਲ ‘ਤੇ ਬਾਇਓਡਾਟਾ ਅਪਲੋਡ ਕਰਨਾ ਇਨ੍ਹੀਂ ਦਿਨੀਂ ਰੋਜ਼ਗਾਰ ਲੱਭਣ ਦੇ ਸਭ ਤੋਂ ਲੋਕਪ੍ਰਿਯ ਤਰੀਕਿਆਂ ਵਿਚੋਂ ਇਕ ਹੈ ਪਰ ਆਨਲਾਈਨ ਜੌਬ ਲੱਭਣਾ ਤੇ ਬਾਇਓਡਾਟਾ ਅਪਲੋਡ ਕਰਨਾ ਹੁਣ ਸੁਰੱਖਿਅਤ ਨਹੀਂ ਰਿਹਾ ਹੈ। ਤੁਹਾਡੀ ਇਕ ਗਲਤੀ ਤੁਹਾਨੂੰ ਵੱਡਾ ਨੁਕਸਾਨ ਕਰਵਾ ਸਕਦੀ ਹੈ। ਘਪਲੇਬਾਜ਼ ਫਰਜ਼ੀ ਨੌਕਰੀ ਲਿਸਟਿੰਗ ਪੋਸਟ ਕਰਕੇ ਨੌਕਰੀ ਚਾਹੁਣ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਸਾਲ ਫਰਵਰੀ ਵਿਚ CNET ਦੀ ਇਕ ਰਿਪੋਰਟ ਵਿਚ ਇਕ ਸਾਈਬਰ ਸੁਰੱਖਿਆ ਕੰਪਨੀ ਦੇ ਚੋਟੀ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਇਹ ਘਪਲੇਬਾਜ਼ ਅਜਿਹੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹਨ ਜੋ ਲੋੜਵੰਦ ਤੇ ਨਿਰਾਸ਼ ਹੁੰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਘਪਲੇਬਾਜ਼ ਅਕਸਰ ਨੌਕਰੀ ਲਈ ਅਪਲਾਈ ਕਰਨ ਲਈ ਪੈਸੇ ਦੀ ਮੰਗ ਕਰਦੇ ਹਨ। ਅਜਿਹਾ ਹੀ ਇਕ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ। ਪੀੜਤ ਨੂੰ ਜੌਬ ਸਰਚ ਪੋਰਟਲ ‘ਤੇ ਬਾਇਓਡਾਟਾ ਅਪਲੋਡ ਕਰਨ ‘ਤੇ 6 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।
ਨਵੀਨ ਗੁਪਤਾ ਨਾਂ ਦੇ ਵਿਅਕਤੀ ਨੇ ਜੌਬ ਸਰਚ ਪੋਰਟਲ ‘ਤੇ ਆਪਣਾ ਬਾਇਓਡਾਟਾ ਅਪਲੋਡ ਕੀਤਾ ਸੀ। ਪੀੜਤ ਨੇ ਕਿਹਾ ਕਿ 22 ਜੂਨ ਨੂੰ ਉਸ ਨੂੰ ਇਕ ਵਿਅਕਤੀ ਦਾ ਫੋਨ ਆਇਆ ਜਿਸ ਨੇ ਦਾਅਵਾ ਕੀਤਾ ਕਿ ਉਹ ਰਾਸ਼ਟਰੀ ਮੀਡੀਆ ਸਮੂਹ ਤੋਂ ਹੈ ਤੇ ਉਸ ਕੋਲ ਇਕ ਜੌਬ ਹੈ। ਇਸ ਵਿਅਕਤੀ ਨੇ ਇੰਟਰਵਿਊ ਕਰਾਉਣ ਲਈ ਫੀਸ ਵਜੋਂ 6500 ਰੁਪਏ ਦੀ ਮੰਗ ਕੀਤੀ
ਕਾਲ ਨੂੰ ਸਹੀ ਮੰਨ ਕੇ ਪੀੜਤ ਨੇ ਪੈਸੇ ਟਰਾਂਸਫਰ ਕਰ ਦਿੱਤੇ। ਬਾਅਦ ਵਿਚ ਉਨ੍ਹਾਂ ਨੂੰ ਸਿਲੇਬਸ, ਦਸਤਾਵੇਜ਼, ਚਕਿਤਸਾ ਪ੍ਰੀਖਣ ਤੇ ਆਈਡੀ ਪ੍ਰੀਖਣ ਦੇ ਬਹਾਨੇ ਭੁਗਤਾਨ ਕਰਨ ਲਈ ਕਿਹਾ ਗਿਆ। ਪੀੜਤ ਨੇ 6.4 ਲੱਖ ਰੁਪਏ ਤੋਂ ਵੱਧ ਦਾ ਭੁਗਤਾਨ ਕਰ ਦਿੱਤਾ ਤੇ ਆਖਿਰਕਾਰ ਉਸ ਨੂੰ ਫਰਜ਼ੀ ਨਿਯੁਕਤੀ ਪੱਤਰ ਵੀ ਮਿਲ ਗਿਆ। ਹੁਣ ਪੀੜਤ ਨੇ ਸਾਈਬਰ ਕ੍ਰਾਈਮ ਥਾਣੇ ਵਿਚ ਕੇਸ ਦਰਜ ਕਰਾਇਆ ਹੈ।
ਅਜਿਹੇ ਘਪਲਿਆਂ ਤੋਂ ਸੁਰੱਖਿਅਤ ਰਹਿਣ ਲਈ ਕੁਝ ਗੱਲਾਂ ਧਿਆਨ ਵਿਚ ਰੱਖਣੀਆਂ ਬਹੁਤ ਜ਼ਰੂਰੀ ਹਨ। ਸਭ ਤੋਂ ਪਹਿਲਾਂ ਜੌਬਸ ਲਈ ਸਿਰਫ ਅਥੈਟਿਕ ਜੌਬ ਪੋਰਟਲ ‘ਤੇ ਹੀ ਜਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਹੋਰ ਮਾਧਿਅਮਾਂ ਤੋਂ ਨੌਕਰੀ ਲਈ ਅਪਲਾਈ ਕਰਨਾ ਪੈ ਰਿਹਾ ਹੈ ਤਾਂ ਤੁਹਾਨੂੰ ਆਫਰ ਕਰਨ ਵਾਲੇ ਵਿਅਕਤੀ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ। ਉਸ ਤੋਂ ਉਨ੍ਹਾਂ ਦਾ ਨਾਂ, ਕੰਪਨੀ ਦਾ ਨਾਂ ਆਦਿ ਜਾਣਕਾਰੀ ਮੰਗੋ। ਕਦੇ-ਕਦੇ ਇਕ ਸਾਧਾਰਨ ਗੂਗਲ ਸਰਚ ਤੁਹਾਨੂੰ ਇਹ ਪਛਾਣਨ ਵਿਚ ਮਦਦ ਕਰ ਸਕਦੀ ਹੈ ਕਿ ਨੌਕਰੀ ਦੇਣ ਵਾਲੀ ਕੰਪਨੀ ਹੋਂਦ ਵਿਚ ਹੈ ਜਾਂ ਨਹੀਂ।
ਇਹ ਵੀ ਪੜ੍ਹੋ : ਸੂਬੇ ਦਾ ਪਹਿਲਾ ‘ਸੁਜਾਤਾ ਐਪ’ ਫਰੀਦਕੋਟ ‘ਚ ਲਾਂਚ, ਗਰਭਵਤੀ ਔਰਤਾਂ ਤੇ ਨਵਜੰਮੇ ਬੱਚਿਆਂ ਨੂੰ ਹੋਵੇਗਾ ਫਾਇਦਾ
ਇਸ ਤੋਂ ਇਲਾਵਾ ਆਪਣੀ ਵਿਅਕਤੀਗਤ ਜਾਣਕਾਰੀ ਜਿਵੇਂ ਨਾਂ, ਫੋਨ ਨੰਬਰ ਆਦਿ ਭਰਨ ਤੋਂ ਪਹਿਲਾਂ ਬਹੁਤ ਸਾਵਧਾਨ ਰਹੋ ਤੇ ਨਿਸ਼ਚਿਤ ਕਰੋ ਕਿ ਸਿਰਫ ਭਰੋਸੇਯੋਗ ਵੈੱਬਸਾਈਟ ‘ਤੇ ਹੀ ਦਰਜ ਕੀਤਾ ਗਿਆ ਹੈ। ਕਦੇ ਵੀ ਕਿਸੇ ਅਨਜਾਣ ਦੇ ਬੈਂਕ ਖਾਤੇ ਵਿਚ ਪੈਸੇ ਟਰਾਂਸਫਰ ਨਾ ਕਰੋ ਤੇ ਨਾ ਹੀ ਆਪਣੇ ਬੈਂਕਿੰਗ ਦਸਤਾਵੇਜ਼ ਕਿਸੇ ਨਾਲ ਸਾਂਝੇ ਕਰੋ।