ਲਸਣ ਦੀਆਂ ਵਧਦੀਆਂ ਕੀਮਤਾਂ ਕਰਕੇ ਕਿਸਾਨ ਚੌਕੰਨੇ ਹੋ ਗਏ ਹਨ। ਹਾਲਾਤ ਇਹ ਬਣ ਗਏ ਹਨ ਕਿ ਹੁਣ ਸੀਸੀਟੀਵੀ ਕੈਮਰੇ ਲਗਾ ਕੇ ਲਸਣ ਦੇ ਖੇਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਤੋਂ ਸਾਹਮਣੇ ਆਇਆ ਹੈ, ਜਿਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਪਤਾ ਲੱਗਾ ਹੈ ਕਿ ਅੱਜਕੱਲ੍ਹ ਬਾਜ਼ਾਰ ਵਿੱਚ ਲਸਣ 400 ਤੋਂ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਇਸ ਤਰ੍ਹਾਂ ਲਸਣ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ ਅਤੇ ਕੁਝ ਕਿਸਾਨ ਇਸ ਤੋਂ ਖੁਸ਼ ਹਨ ਤਾਂ ਕੁਝ ਚਿੰਤਤ ਵੀ ਹਨ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਲਸਣ ਚੋਰੀ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ। ਛਿੰਦਵਾੜਾ ਦੇ ਬਦਨੂਰ ਪਿੰਡ ਦੇ ਕਿਸਾਨ ਹੁਣ ਆਪਣੀ ਲਸਣ ਦੀ ਫਸਲ ਦੀ ਸੁਰੱਖਿਆ ਨੂੰ ਲੈ ਕੇ ਵਾਧੂ ਸਾਵਧਾਨੀਆਂ ਵਰਤ ਰਹੇ ਹਨ। ਲਸਣ ਦੇ ਖੇਤਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਲਸਣ ਦੀ ਖੇਤੀ ਕਰਨ ਵਾਲੇ ਰਾਹੁਲ ਦੇਸ਼ਮੁਖ ਨੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ। ਉਹ ਇਸ ਪਿੰਡ ਦਾ ਰਹਿਣ ਵਾਲਾ ਹੈ। ਉਸ ਨੇ ਕਿਹਾ ਕਿ ਲਸਣ ਚੋਰੀ ਦੀਆਂ ਤਾਜ਼ਾ ਘਟਨਾਵਾਂ ਨੂੰ ਦੇਖਦੇ ਹੋਏ ਅਸੀਂ ਖੇਤਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਬਰਨਾਲਾ ‘ਚ AGTF ਦੀ ਵੱਡੀ ਕਾਰਵਾਈ, ਹਿਸਟਰੀ ਸ਼ੀਟਰ ਕਾਲਾ ਧਨੌਲਾ ਦਾ ਐ.ਨ.ਕਾ.ਊਂਟਰ
ਰਮੇਸ਼ ਦੇਸ਼ਮੁੱਖ ਨੇ ਦੱਸਿਆ ਕਿ ‘ਇਕ ਚੋਰ ਖੇਤ ‘ਚੋਂ 8 ਤੋਂ 10 ਕਿਲੋ ਲਸਣ ਚੋਰੀ ਕਰ ਕੇ ਲੈ ਗਿਆ ਸੀ। ਹਾਲਾਂਕਿ ਬਾਅਦ ‘ਚ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਘਟਨਾ ਤੋਂ ਬਾਅਦ ਮੈਂ ਖੇਤ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਮੈਂ 13 ਏਕੜ ਰਕਬੇ ਵਿੱਚ ਲਸਣ ਦੀ ਬਿਜਾਈ ਕੀਤੀ, ਜਿਸ ’ਤੇ ਮੇਰਾ 25 ਲੱਖ ਰੁਪਏ ਖਰਚ ਆਇਆ। ਹੁਣ ਤੱਕ ਮੈਂ 1 ਕਰੋੜ ਰੁਪਏ ਦਾ ਲਸਣ ਵੇਚ ਚੁੱਕਾ ਹਾਂ ਅਤੇ ਫਸਲ ਦੀ ਪੂਰੀ ਕਟਾਈ ਹੋਣੀ ਬਾਕੀ ਹੈ। ਦੇਸ਼ਮੁਖ ਨੇ ਕਿਹਾ ਕਿ ਮੈਂ ਖੇਤ ਵਿੱਚ ਸੂਰਜੀ ਊਰਜਾ ਦੀ ਵਰਤੋਂ ਕੀਤੀ ਹੈ। ਫਸਲਾਂ ਦੀ ਸੁਰੱਖਿਆ ਲਈ ਮੂਵਿੰਗ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।