ਲੁਧਿਆਣਾ ‘ਚ ਅਲਟਰਾਸਾਊਂਡ ਸੈਂਟਰਾਂ ‘ਤੇ ਸਿਹਤ ਵਿਭਾਗ ਨੇ ਛਾਪੇਮਾਰੀ ਕੀਤੀ ਹੈ। ਲੁਧਿਆਣਾ ‘ਚ ਜਗਰਾਓਂ, ਰਾਏਕੋਟ ਅਤੇ ਮਾਛੀਵਾੜਾ ਦੇ 3 ਅਲਟਰਾਸਾਊਂਡ ਸੈਂਟਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ, ਜਦਕਿ ਜਗਰਾਓਂ ਅਤੇ ਮਾਛੀਵਾੜਾ ਦੇ 2 ਸੈਂਟਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਉਥੇ ਪਾਈਆਂ ਗਈਆਂ ਬੇਨਿਯਮੀਆਂ ‘ਤੇ ਜਵਾਬ ਮੰਗਿਆ ਗਿਆ ਹੈ।
ਜਿਨ੍ਹਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਨੂੰ ਜਵਾਬ ਦੇਣ ਲਈ 3 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਜਾਂਚ ‘ਚ ਖਾਮੀਆਂ ਪਾਏ ਜਾਣ ‘ਤੇ ਇਹ ਕਾਰਵਾਈ ਕੀਤੀ ਹੈ।
ਸਿਵਲ ਸਰਜਨ ਨੇ ਹਠੂਰ ਦੇ ਐਸਐਮਓ ਡਾ. ਵਰੁਣ ਸੱਗੜ ਅਤੇ ਸਾਹਨੇਵਾਲ ਦੇ ਐਸਐਮਓ ਡਾ. ਰਮੇਸ਼ ਦੀ ਅਗਵਾਈ ਹੇਠ ਦੋ ਟੀਮਾਂ ਬਣਾਈਆਂ ਸਨ। ਇਨ੍ਹਾਂ ਟੀਮਾਂ ਨੇ 18 ਅਤੇ 19 ਮਾਰਚ ਨੂੰ ਦੋ ਦਿਨਾਂ ਵਿੱਚ ਸਮਰਾਲਾ, ਮਾਛੀਵਾੜਾ, ਜਗਰਾਓਂ ਅਤੇ ਰਾਏਕੋਟ ਖੇਤਰਾਂ ਵਿੱਚ 15 ਅਲਟਰਾਸਾਊਂਡ ਸੈਂਟਰਾਂ ਦੀ ਜਾਂਚ ਕੀਤੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮਾਛੀਵਾੜਾ ਦੇ ਇੱਕ ਅਲਟਰਾਸਾਊਂਡ ਸੈਂਟਰ ਵਿੱਚ ਰਜਿਸਟਰਡ ਡਾਕਟਰ ਕਰੀਬ ਇੱਕ ਮਹੀਨੇ ਤੋਂ ਫ਼ਰਾਰ ਸੀ, ਪਰ ਇਸ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਨਹੀਂ ਕੀਤਾ ਗਿਆ। ਸੈਂਟਰ ਦੀ ਚਾਬੀ ਵੀ ਉੱਥੋਂ ਦੇ ਸਟਾਫ਼ ਕੋਲ ਸੀ। ਜਗਰਾਓਂ ਕੇਂਦਰ ਵਿੱਚ ਪਾਇਆ ਗਿਆ ਕਿ ਈਕੋਕਾਰਡੀਓਗ੍ਰਾਫੀ ਲਈ ਰਜਿਸਟਰਡ ਹੋਏ ਡਾਕਟਰ ਨੇ ਅਲਟਰਾਸਾਊਂਡ ਸਕੈਨਿੰਗ ਵੀ ਕੀਤੀ ਅਤੇ ਮਰੀਜ਼ ਦਾ ਰਿਕਾਰਡ ਵੀ ਓਪੀਡੀ ਰਜਿਸਟਰ ਵਿੱਚ ਦਰਜ ਨਹੀਂ ਸੀ।
ਰਾਏਕੋਟ ਦੇ ਸਕੈਨਿੰਗ ਸੈਂਟਰ ਵਿੱਚ PC/PNDT ਦੇ ਰਿਕਾਰਡ ਨੂੰ ਸੰਭਾਲਿਆ ਨਹੀਂ ਗਿਆ ਸੀ। ਮਰੀਜ਼ਾਂ ਦੇ ਫਾਰਮ ਐੱਫ ‘ਤੇ ਕੋਈ ਨਿਸ਼ਾਨ ਜਾਂ ਮੋਹਰ ਨਹੀਂ ਸੀ। ਟੀਮ ਵੱਲੋਂ ਸੌਂਪੀ ਗਈ ਰਿਪੋਰਟ ਤੋਂ ਬਾਅਦ ਸਿਵਲ ਸਰਜਨ ਨੇ ਵੀਰਵਾਰ ਨੂੰ ਤਿੰਨੋਂ ਸੈਂਟਰਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਅਤੇ ਸਬੰਧਤ ਐਸਐਮਓ ਨੂੰ ਮਸ਼ੀਨਾਂ ਸੀਲ ਕਰਨ ਦੇ ਨਿਰਦੇਸ਼ ਦਿੱਤੇ।
ਚੈਕਿੰਗ ਦੌਰਾਨ ਮਾਛੀਵਾੜਾ ਦੇ ਇੱਕ ਕੇਂਦਰ ਵਿੱਚ ਦੋ ਮਰੀਜ਼ਾਂ ਦੇ ਫਾਰਮ ਐਫ ਭਰੇ ਗਏ ਅਤੇ ਰੱਦ ਕੀਤੇ ਗਏ। ਇਸ ਤੋਂ ਇਲਾਵਾ ਜਗਰਾਓਂ ਦੇ ਇੱਕ ਸੈਂਟਰ ਵਿੱਚ ਈਕੋਕਾਰਡੀਓਗ੍ਰਾਫੀ ਲਈ ਰਜਿਸਟਰਡ ਡਾਕਟਰ ਵੱਲੋਂ ਮਰੀਜ਼ ਦੀ ਅਲਟਰਾਸਾਊਂਡ ਸਕੈਨਿੰਗ ਕੀਤੀ ਗਈ, ਜਿਸ ਲਈ ਇਨ੍ਹਾਂ ਦੋਵਾਂ ਕੇਂਦਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Amul ਨੇ ਰਚਿਆ ਇਤਿਹਾਸ, ਪਹਿਲੀ ਵਾਰ ਅਮਰੀਕਾ ਵੀ ਪੀਏਗਾ ਭਾਰਤੀ ਦੁੱਧ
ਲੁਧਿਆਣਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਚੈਕਿੰਗ ਦਾ ਮਕਸਦ ਪੀ.ਐਨ.ਡੀ.ਟੀ. ਦੀ ਪੂਰਨ ਪਾਲਣਾ ਨੂੰ ਯਕੀਨੀ ਬਣਾਉਣਾ ਹੈ, ਜਿਨ੍ਹਾਂ ਕੇਂਦਰਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਇਹ ਚੈਕਿੰਗ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: