ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਦੀ ਦੌੜ ਤੋਂ ਪਿੱਛੇ ਹਟ ਚੁੱਕੇ ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਹੁਣ ਸੂਬੇ ਦੀ ਸਿਆਸਤ ਵਿੱਚ ਉਤਰਨਗੇ। ਉਹ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤਾਕਤ ਦੀ ਵਰਤੋਂ ਕਰਨਗੇ। ਇਹ ਲੋਕ ਸਭਾ ਚੋਣਾਂ ਖ਼ਤਮ ਹੁੰਦੇ ਹੀ ਉਹ ਪੂਰੀ ਤਰ੍ਹਾਂ ਸਰਗਰਮ ਹੋ ਜਾਣਗੇ।
ਖਡੂਰ ਸਾਹਿਬ ਸੀਟ ਤੋਂ ਕਾਂਗਰਸ ਪਾਰਟੀ ਵੱਲੋਂ ਜੋ ਵੀ ਉਮੀਦਵਾਰ ਖੜ੍ਹਾ ਕੀਤਾ ਜਾਵੇਗਾ, ਉਹ ਉਸ ਦਾ ਦਿਲੋਂ ਸਮਰਥਨ ਕਰੇਗਾ। ਇਹ ਐਲਾਨ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਪਾ ਕੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਵੱਲੋਂ ਇਹ ਫੈਸਲਾ ਕੇਂਦਰੀ ਕਾਂਗਰਸ ਲੀਡਰਸ਼ਿਪ ਅਤੇ ਸੂਬਾਈ ਲੀਡਰਸ਼ਿਪ ਨਾਲ ਗੱਲਬਾਤ ਤੋਂ ਬਾਅਦ ਲਿਆ ਗਿਆ ਹੈ।

ਦਰਅਸਲ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ‘ਤੇ ਰੋਕ ਲਗਾ ਦਿੱਤੀ ਸੀ। ਜਦਕਿ ਜਸਬੀਰ ਸਿੰਘ ਡਿੰਪਾ ਕਾਂਗਰਸ ਦੇ ਮੌਜੂਦਾ ਐਮ.ਪੀ. ਹਨ। ਅਜਿਹੇ ‘ਚ ਉਨ੍ਹਾਂ ਦੇ ਕਾਂਗਰਸੀ ਉਮੀਦਵਾਰ ਨਾ ਬਣਨ ਦੀਆਂ ਚੱਲ ਰਹੀਆਂ ਚਰਚਾਵਾਂ ਨੇ ਹੋਰ ਜ਼ੋਰ ਫੜ ਲਿਆ ਹੈ।
ਇਸ ਤੋਂ ਬਾਅਦ ਡਿੰਪਾ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਕ ਪੋਸਟ ਪਾਈ ਗਈ। ਇਸ ਪੋਸਟ ਵਿੱਚ ਸਾਂਝੀ ਕੀਤੀ ਗਈ ਫੋਟੋ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੇਸੀ ਵੇਣੂਗੋਪਾਲ ਅਤੇ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਦੇ ਨਾਲ ਸਨ, ਜਿਸ ‘ਤੇ ਉਨ੍ਹਾਂ ਨੇ ਲਿਖਿਆ ਸੀ- ਨਵੇਂ ਸਫ਼ਰ ਦੀ ਸ਼ੁਰੂਆਤ। ਅਜਿਹੇ ‘ਚ ਤੈਅ ਸੀ ਕਿ ਉਹ ਚੋਣ ਨਹੀਂ ਲੜਨਗੇ।
ਇਹ ਵੀ ਪੜ੍ਹੋ : ਬੱਸ ਹਾ.ਦਸੇ ਨੂੰ ਲੈ ਕੇ ਮੋਗਾ RTO ਸਖ਼ਤ, ਜ਼ਿਲ੍ਹੇ ਦੀਆਂ ਸਾਰੀਆਂ ਬੱਸਾਂ ਦਾ ਰੰਗ ਪੀਲਾ ਕਰਨ ਦੇ ਨਿਰਦੇਸ਼
ਦੂਜੇ ਪਾਸੇ ਡਿੰਪਾ ਦੇ ਹਟਣ ਤੋਂ ਬਾਅਦ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਕੁਲਬੀਰ ਸਿੰਘ ਜ਼ੀਰਾ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਵੀ ਟਿਕਟਾਂ ਲਈ ਜੋੜ-ਤੋੜ ਕਰ ਰਹੇ ਹਨ। ਉਥੇ ਹੀ ਡਿੰਪਾ ਦਾ ਭਰਾ ਰਾਜਨ ਗਿੱਲ ਵੀ ਟਿਕਟ ਲਈ ਪਸੀਨਾ ਵਹਾ ਰਿਹਾ ਹੈ।
























