ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ‘ਚ ਜੀ.ਪੀ.ਐੱਸ.(ਗੋਬਿੰਦਗੜ੍ਹ ਪਬਲਿਕ ਸਕੂਲ) ਨੇੜੇ ਨੈਸ਼ਨਲ ਹਾਈਵੇ ‘ਤੇ ਇਕ ਪ੍ਰਵਾਸੀ ਮਜ਼ਦੂਰ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਟੀਲ ਮਿੱਲ ‘ਚ ਕੰਮ ਕਰਦੇ ਇਸ ਮਜ਼ਦੂਰ ਤੋਂ ਪਹਿਲਾਂ ਲਿਫਟ ਮੰਗੀ ਗਈ, ਫਿਰ ਰਸਤੇ ਵਿਚ ਉਸ ਦਾ ਗਲਾ ਚਾਕੂ ਨਾਲ ਵੱਢ ਦਿੱਤਾ ਗਿਆ। ਉਸ ਦੇ ਪੇਟ ਅਤੇ ਛਾਤੀ ‘ਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਗਿਆ। ਮ੍ਰਿਤਕ ਦੀ ਪਛਾਣ ਪ੍ਰਮੋਦ ਕੁਮਾਰ (32) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪ੍ਰਮੋਦ ਕੁਮਾਰ ਮੁਗਲਮਾਜਰਾ ਵਿੱਚ ਇੱਕ ਸਟੀਲ ਮਿੱਲ ਵਿੱਚ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣਾ ਕੰਮ ਖਤਮ ਕਰਕੇ ਬਾਹਰ ਨਿਕਲਿਆ। ਫਿਰ ਰਸਤੇ ਵਿੱਚ ਉਸ ਨੂੰ ਇੱਕ ਬੰਦਾ ਮਿਲਿਆ ਜਿਸ ਨੇ ਅੰਬੇਮਾਜਰਾ ਜਾਣ ਲਈ ਲਿਫਟ ਮੰਗੀ। ਪ੍ਰਮੋਦ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਕਿਸੇ ਨੂੰ ਛੱਡ ਕੇ ਘਰ ਆ ਜਾਵੇਗਾ।
ਇਸ ਤੋਂ ਬਾਅਦ ਜਦੋਂ ਕਾਫੀ ਦੇਰ ਤੱਕ ਪ੍ਰਮੋਦ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਪ੍ਰਮੋਦ ਦਾ ਕਤਲ ਹੋ ਗਿਆ ਹੈ। ਪਰਿਵਾਰ ਮੌਕੇ ‘ਤੇ ਪਹੁੰਚ ਗਿਆ। ਉੱਥੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪੇਟ ਅਤੇ ਛਾਤੀ ‘ਤੇ ਚਾਕੂ ਨਾਲ ਵਾਰ ਕੀਤੇ ਗਏ ਸਨ। ਗਲਾ ਵੱਢਿਆ ਗਿਆ ਸੀ, ਜਿਸ ਕਾਰਨ ਪ੍ਰਮੋਦ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੂੰ ਵੱਡਾ ਝਟਕਾ, ਪਤੰਜਲੀ ਦੇ 14 ਉਤਪਾਦਾਂ ਨੂੰ ਬਣਾਉਣ ਦਾ ਲਾਇਸੈਂਸ ਰੱਦ
ਪ੍ਰਮੋਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਲੁੱਟ ਦਾ ਮਾਮਲਾ ਨਹੀਂ ਹੈ। ਕਿਉਂਕਿ ਮੌਕੇ ‘ਤੇ ਪ੍ਰਮੋਦ ਦਾ ਮੋਬਾਈਲ, ਪੈਸੇ ਅਤੇ ਬਾਈਕ ਮਿਲੇ ਹਨ। ਇਹ ਕਤਲ ਕਿਸੇ ਰੰਜਿਸ਼ ਕਰਕੇ ਹੋਈ ਹੈਸ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਇਹ ਕਤਲ ਕਿਸੇ ਇੱਕ ਬੰਦੇ ਨੇ ਨਹੀਂ, ਸਗੋਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਹੈ। ਪ੍ਰਮੋਦ ਵੀ ਤਕੜਾ ਸੀ। ਇਕੱਲੇ ਬੰਦੇ ਵੱਲੋਂ ਕਤਲ ਨਹੀਂ ਕੀਤਾ ਜਾ ਸਕਦਾ। ਪੁਲਿਸ ਨੂੰ ਇਸ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਤਲਾਂ ਨੂੰ ਜਲਦੀ ਫੜਨਾ ਚਾਹੀਦਾ ਹੈ।
ਫਤਿਹਗੜ੍ਹ ਸਾਹਿਬ ਦੇ ਐਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਦੇਰ ਰਾਤ ਤੋਂ ਜਾਂਚ ਵਿੱਚ ਰੁੱਝੀ ਹੋਈ ਹੈ। ਨੇੜੇ ਲੱਗੇ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਕੁਝ ਸੁਰਾਗ ਮਿਲੇ ਹਨ, ਜਿਸ ਦੇ ਆਧਾਰ ‘ਤੇ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਅਹਿਮ ਖੁਲਾਸੇ ਕੀਤੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: