ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਲ ਜੁੜੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਅੱਜ ਦੀ ਅਦਾਲਤੀ ਕਾਰਵਾਈ ਵਿੱਚ ਯੋਗਗੁਰੂ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਵੀ ਪੇਸ਼ ਹੋਏ। ਇਸ ਦੌਰਾਨ ਪਤੰਜਲੀ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ, ਜਿਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ।
ਇਸ ‘ਤੇ ਜਸਟਿਸ ਹਿਮਾ ਕੋਹਲੀ ਨੇ ਕਿਹਾ ਕਿ ਪਤੰਜਲੀ ਨੂੰ ਇਨ੍ਹਾਂ ਉਤਪਾਦਾਂ ਦੇ ਸਟਾਕ ਬਾਰੇ ਵੀ ਹਲਫਨਾਮੇ ‘ਚ ਜਾਣਕਾਰੀ ਦੇਣੀ ਹੋਵੇਗੀ। ਨਾਲ ਹੀ, ਸੁਪਰੀਮ ਕੋਰਟ ਨੇ ਪਤੰਜਲੀ ਵੱਲੋਂ ਦਿੱਤੇ ਗਏ ਇਸ਼ਤਿਹਾਰਾਂ ‘ਤੇ ਤਿੰਨ ਹਫ਼ਤਿਆਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਅਦਾਲਤ ਦੇ ਦੋ ਮੈਂਬਰੀ ਬੈਂਚ ਨੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦੇ ਇੱਕ ਮਾਮਲੇ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਰਾਮਦੇਵ ਨੇ ਅੰਤਰਰਾਸ਼ਟਰੀ ਪੱਧਰ ‘ਤੇ ਯੋਗ ਲਈ ਬਹੁਤ ਕੁਝ ਕੀਤਾ ਹੈ, ਪਰ ਇਹ ਮੁੱਦਾ ਵੱਖਰਾ ਹੈ। ਕਿਉਂਕਿ ਇਹ ਦਵਾਈ ਖਰੀਦਣ ਵਾਲੇ ਖਪਤਕਾਰਾਂ ਨਾਲ ਜੁੜਿਆ ਹੈ। ਇਸ ਵਿੱਚ ਲਾਪਰਵਾਹੀ ਨਹੀਂ ਹੋ ਸਕਦੀ।”
ਅਦਾਲਤ ਤੋਂ ਰਵਾਨਾ ਹੁੰਦੇ ਸਮੇਂ ਰਾਮਦੇਵ ਨੇ ਜੱਜਾਂ ਨੂੰ ਸਲਾਮੀ ਦਿੱਤੀ। ਇਸ ‘ਤੇ ਜਸਟਿਸ ਏ ਅਮਾਨਉੱਲ੍ਹਾ ਨੇ ਵੀ ਜਵਾਬ ‘ਚ ਸਲਾਮੀ ਦਿੱਤੀ। ਹੁਣ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਸੁਪਰੀਮ ਕੋਰਟ ਵਿੱਚ ਪੇਸ਼ ਨਹੀਂ ਹੋਣਾ ਪਵੇਗਾ। ਬੈਂਚ ਨੇ ਉਨ੍ਹਾਂ ਨੂੰ ਅਗਲੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਦੀ ਸੁਣਵਾਈ ‘ਚ ਅਦਾਲਤ ਨੇ ਪਤੰਜਲੀ ਦੇ ਉਨ੍ਹਾਂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਸੀ, ਜਿਨ੍ਹਾਂ ਦਾ ਲਾਇਸੈਂਸ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ। ਅਦਾਲਤ ਨੇ ਪਤੰਜਲੀ ਦੇ ਉਤਪਾਦਾਂ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਅਤੇ ਸੰਸਥਾਵਾਂ ਲਈ ਕੁੱਲ 6 ਬਿੰਦੂਆਂ ਵਿੱਚ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਸਨ।
ਇਹ ਵੀ ਪੜ੍ਹੋ : ਵਿਆਹ ਦੀ ਪਾਰਟੀ ‘ਚ ਜਾ ਰਹੇ ਪਤੀ-ਪਤਨੀ ਦੀ ਗੱਡੀ ਦੇ ਉੱਡੇ ਪਰਖੱਚੇ, ਥਾਂ ‘ਤੇ ਮੌ.ਤ, 7 ਜਣੇ ਫੱਟੜ
ਅਦਾਲਤ ਨੇ ਇਸ ਮਾਮਲੇ ਵਿੱਚ ਉੱਤਰਾਖੰਡ ਸਰਕਾਰ ਨੂੰ ਵੀ ਫਟਕਾਰ ਲਗਾਈ ਸੀ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਸੀ ਕਿ ਰਾਜ ਸਰਕਾਰ ਨੇ ਹਰਿਦੁਆਰ ਦੀ ਕੰਪਨੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਰਾਮਦੇਵ ਨੇ ਸੁਪਰੀਮ ਕੋਰਟ ‘ਚ ਜਨਤਕ ਤੌਰ ‘ਤੇ ਮੁਆਫੀ ਮੰਗਣ ਦੀ ਗੱਲ ਵੀ ਕਹੀ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਇਰਾਦਾ ਕਿਸੇ ਵੀ ਤਰ੍ਹਾਂ ਨਾਲ ਸੁਪਰੀਮ ਕੋਰਟ ਦੇ ਸਨਮਾਨ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: