ਜੰਮੂ ਅਤੇ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਬਲਨੋਈ ਸੈਕਟਰ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਫੌਜ ਦੀ ਇੱਕ ਗੱਡੀ ਡੂੰਘੀ ਖਾਈ ਵਿੱਚ ਜਾ ਡਿੱਗੀ। ਵ੍ਹਾਈਟ ਨਾਈਟ ਕਾਰਪਸ ਵੱਲੋਂ ਐਕਸ ‘ਤੇ ਪੋਸਟ ਕਰਕੇ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਕਿ ਪੁੰਛ ਸੈਕਟਰ ਵਿਚ ਅਪਰੇਸ਼ਨਲ ਡਿਊਟੀ ਦੌਰਾਨ ਫੌਜ ਦਾ ਇਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪੰਜ ਜਵਾਨਾਂ ਦੀ ਮੌਤ ਹੋ ਗਈ ਹੈ। ਵ੍ਹਾਈਟ ਨਾਈਟ ਕਾਰਪਸ ਨੇ ਜਵਾਨਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਾਦਸੇ ਬਾਰੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ”ਮੰਗਲਵਾਰ ਸ਼ਾਮ ਕਰੀਬ 17:40 ਵਜੇ 11 ਮਰਾਠਾ ਲਾਈਟ ਇਨਫੈਂਟਰੀ ਦਾ ਇਕ ਫੌਜੀ ਵਾਹਨ, ਜੋ ਨੀਲਮ ਹੈੱਡਕੁਆਰਟਰ ਤੋਂ ਕੰਟਰੋਲ ਰੇਖਾ ਨੇੜੇ ਬਲਨੋਈ ਘੋਰਾ ਪੋਸਟ ਵੱਲ ਜਾ ਰਿਹਾ ਸੀ, ਉਹ ਘੋਰਾ ਪੋਸਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।” ਉਨ੍ਹਾਂ ਦੱਸਿਆ ਕਿ ਗੱਡੀ ਕਰੀਬ 150 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ ਡਰਾਈਵਰ ਸਮੇਤ 10 ਜਵਾਨ ਗੰਭੀਰ ਜ਼ਖ਼ਮੀ ਹੋ ਗਏ। 11 ਮਰਾਠਾ ਲਾਈਟ ਇਨਫੈਂਟਰੀ ਦੀ ਇੱਕ ਤੇਜ਼ ਪ੍ਰਤੀਕਿਰਿਆ ਟੀਮ (QRT) ਅਤੇ ਮਨਕੋਟ ਤੋਂ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਫੌਜ ਨੇ ਇਸ ਹਾਦਸੇ ਪਿੱਛੇ ਕਿਸੇ ਅੱਤਵਾਦੀ ਐਂਗਲ ਤੋਂ ਇਨਕਾਰ ਕੀਤਾ ਹੈ। ਜੰਮੂ ਵਿੱਚ ਫੌਜ ਦੇ ਬੁਲਾਰੇ ਮੁਤਾਬਕ 2.5 ਟਨ ਫੌਜੀ ਵਾਹਨ, ਜੋ ਛੇ ਹੋਰ ਫੌਜੀ ਵਾਹਨਾਂ ਦੇ ਕਾਫਲੇ ਵਿੱਚ ਇੱਕ ਸੰਚਾਲਨ ਖੇਤਰ ਵਿੱਚ ਜਾ ਰਿਹਾ ਸੀ, ਅਚਾਨਕ ਡੂੰਘੀ ਖੱਡ ਵਿੱਚ ਡਿੱਗ ਗਿਆ। ਇਹ ਘਟਨਾ ਪਾਕਿਸਤਾਨ ਦੇ ਨਾਲ ਐਲਓਸੀ ਨੇੜੇ ਵਾਪਰੀ। ਘਟਨਾ ਦੇ ਤੁਰੰਤ ਬਾਅਦ ਸਾਰੇ ਜ਼ਖਮੀਆਂ ਨੂੰ ਫੀਲਡ ਹਸਪਤਾਲ ਪੁੰਛ ਲਿਜਾਇਆ ਗਿਆ।
ਇਹ ਵੀ ਪੜ੍ਹੋ : Fake ਐਨ/ਕਾ.ਊਂਟ.ਰ ਕਰਨ ਵਾਲੇ 3 Ex ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ, 32 ਸਾਲਾਂ ਮਗਰੋਂ ਮਿਲਿਆ ਇਨਸਾਫ਼
ਫੌਜ ਮੁਤਾਬਕ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸ਼ੁਰੂਆਤੀ ਜਾਂਚ ‘ਚ ਲੱਗਦਾ ਹੈ ਕਿ ਸ਼ਾਇਦ ਗੱਡੀ ਦਾ ਡਰਾਈਵਰ ਸੰਤੁਲਨ ਗੁਆ ਬੈਠਾ ਸੀ। ਫੌਜ ਨੇ ਇਸ ਹਾਦਸੇ ਪਿੱਛੇ ਕਿਸੇ ਅੱਤਵਾਦੀ ਐਂਗਲ ਤੋਂ ਇਨਕਾਰ ਕੀਤਾ ਹੈ। ਫੌਜ ਨੇ ਕਿਹਾ ਹੈ ਕਿ ਜਿਸ ਥਾਂ ‘ਤੇ ਹਾਦਸਾ ਵਾਪਰਿਆ, ਉਸ ਥਾਂ ਤੋਂ ਫੌਜ ਦੀ ਚੌਕੀ ਸਿਰਫ 130 ਮੀਟਰ ਦੀ ਦੂਰੀ ‘ਤੇ ਸੀ, ਜਦਕਿ ਇਸ ਵਾਹਨ ਦੇ ਪਿੱਛੇ ਇਕ ਵਾਹਨ ਸਿਰਫ 40 ਮੀਟਰ ਦੀ ਦੂਰੀ ‘ਤੇ ਸੀ।
ਵੀਡੀਓ ਲਈ ਕਲਿੱਕ ਕਰੋ -: