ਬਰਨਾਲਾ ਦੇ ਪਿੰਡ ਧੌਲਾ ‘ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਕਿਸਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰੁਪਿੰਦਰ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਰੁਪਿੰਦਰ ਸਾਢੇ ਤਿੰਨ ਏਕੜ ਜ਼ਮੀਨ ‘ਤੇ ਖੇਤੀ ਕਰਦਾ ਸੀ। ਪਰਿਵਾਰ ਸਿਰ 15 ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਚੁਕਾਉਣ ਲਈ ਉਸ ਨੇ ਅੱਧਾ ਏਕੜ ਜ਼ਮੀਨ ਵੀ ਵੇਚ ਦਿੱਤੀ, ਪਰ ਕਰਜ਼ਾ ਨਹੀਂ ਘਟਿਆ। ਇਸੇ ਦਬਾਅ ਹੇਠ ਉਹ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਗਿਆ।
ਘਟਨਾ ਬੀਤੀ ਸ਼ਾਮ ਦੀ ਹੈ। ਰੁਪਿੰਦਰ ਆਪਣੇ ਕਮਰੇ ਵਿੱਚ ਸੀ। ਉਸ ਦੀ ਮਾਂ ਬਾਹਰ ਘਰ ਦਾ ਕੰਮ ਕਰਦੀ ਸੀ। ਜਦੋਂ ਉਹ ਚਾਹ ਦੇਣ ਗਈ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਜਦੋਂ ਆਸ-ਪਾਸ ਦੇ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਰੁਪਿੰਦਰ ਨੂੰ ਪੱਖੇ ਨਾਲ ਲਟਕਦਾ ਦੇਖਿਆ। ਲਾਸ਼ ਦੇ ਕੋਲ ਨਸ਼ੀਲੀਆਂ ਗੋਲੀਆਂ ਅਤੇ ਸਰਿੰਜਾਂ ਵੀ ਮਿਲੀਆਂ ਹਨ।

ਮ੍ਰਿਤਕ ਦੇ ਚਾਚਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਸਿਰ ਸੁਸਾਇਟੀ ਦਾ ਪ੍ਰਾਈਵੇਟ ਅਤੇ ਮਹਿਲਾ ਲੋਨ ਮਿਲਾ ਕੇ 15 ਲੱਖ ਰੁਪਏ ਦਾ ਕਰਜ਼ਾ ਹੈ। ਰੁਪਿੰਦਰ ਦੇ ਪਿਤਾ ਬਲਦੇਵ ਸਿੰਘ ਦਿਲ ਦੇ ਮਰੀਜ਼ ਹਨ। ਉਹ ਕੁਝ ਦਿਨ ਪਹਿਲਾਂ ਹੀ ਹਸਪਤਾਲ ਤੋਂ ਵਾਪਸ ਆਏ ਸਨ। ਇੱਕਲੌਤੇ ਪੁੱਤ ਦੀ ਮੌਤ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪਾਸਪੋਰਟ ਬਣਾਉਣ ਲਈ ਹੁਣ ਇਹ ਦਸਤਾਵੇਜ਼ ਹੋਵੇਗਾ ਲਾਜ਼ਮੀ, ਸਰਕਾਰ ਨੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ
ਮ੍ਰਿਤਕ ਕੋਲੋਂ ਕੁਝ ਨਸ਼ੀਲੀਆਂ ਗੋਲੀਆਂ ਅਤੇ ਇੱਕ ਮੈਡੀਕਲ ਸਰਿੰਜ ਵੀ ਮਿਲੀ ਹੈ। ਸ਼ੱਕ ਹੈ ਕਿ ਮ੍ਰਿਤਕ ਰੁਪਿੰਦਰ ਸਿੰਘ ਨਸ਼ੇ ਦਾ ਸੇਵਨ ਕਰਦਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ 15 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਪਿੱਛੇ ਰਹਿ ਗਏ ਮਾਪੇ ਆਪਣਾ ਗੁਜ਼ਾਰਾ ਕਰ ਸਕਣ।
ਇਸ ਮਾਮਲੇ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ ਗੁਰਮੇਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























