ਮੋਗਾ ਵਿਚ ਇੱਕ ਹੈਰਾਨ ਕਰਨ ਦੇ ਨਾਲ-ਨਾਲ ਬਹੁਤ ਹੀ ਚਿੰਤਾ ਵਾਲਾ ਮਾਮਲਾ ਸਾਹਮਣਾ ਆਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਨਸ਼ੇ ਲਈ ਕਿਸੇ ਦੀ ਤਲਬ ਇੰਨੀ ਵੀ ਹੋ ਸਕਦੀ ਹੈ ਕਿ ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ। ਦਰਅਸਲ ਮੋਗਾ ਵਿੱਚ ਇੱਕ ਬੰਦੇ ਨੇ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ। ਅੱਗ ਵਿੱਚ ਉਹ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਿਆ। ਉਹ ਵਿਅਕਤੀ ਨਸ਼ੇ ਦਾ ਆਦੀ ਹੈ ਅਤੇ ਜਦੋਂ ਉਸਨੂੰ ਚਿੱਟਾ (ਨਸ਼ਾ) ਨਾ ਮਿਲਣ ‘ਤੇ ਉਸ ਨੇ ਇਹ ਖੌਫਨਾਕ ਕਾਰਾ ਕੀਤਾ। ਇਹ ਘਟਨਾ ਮੋਗਾ ਸ਼ਹਿਰ ਦੇ ਧਰਮ ਸਿੰਘ ਨਗਰ ਵਿੱਚ ਵਾਪਰੀ।
ਜਾਣਕਾਰੀ ਮੁਤਾਬਕ, ਸੁਖਦੇਵ ਸਿੰਘ (38) ਸੋਮਵਾਰ ਸਵੇਰੇ ਆਪਣੇ ਪਰਿਵਾਰ ਨਾਲ ਝਗੜਾ ਕਰ ਰਿਹਾ ਸੀ। ਉਹ ਆਪਣੀ ਪਤਨੀ ਤੋਂ ਨਸ਼ੇ ਲਈ ਪੈਸੇ ਮੰਗ ਰਿਹਾ ਸੀ। ਜਦੋਂ ਉਸ ਦੀ ਪਤਨੀ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਆਪਣੇ ਆਪ ‘ਤੇ ਪੈਟਰੋਲ ਛਿੜਕ ਲਿਆ ਅਤੇ ਵੇਖਦੇ-ਵੇਖਦੇ ਆਪਣੇ ਆਪ ਨੂੰ ਅੱਗ ਲਾ ਲਈ। ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਘਰ ਵਿੱਚ ਮੌਜੂਦ ਪਰਿਵਾਰਕ ਮੈਂਬਰਾਂ ਨੇ ਕੰਬਲ ਅਤੇ ਪਾਣੀ ਪਾ ਕੇ ਅੱਗ ਬੁਝਾਈ ਅਤੇ ਜ਼ਖਮੀ ਸੁਖਦੇਵ ਸਿੰਘ ਨੂੰ ਤੁਰੰਤ ਮੋਗਾ ਸਿਵਲ ਹਸਪਤਾਲ ਲਿਜਾਇਆ ਗਿਆ। ਸੁਖਦੇਵ ਸਿੰਘ 80 ਫੀਸਦੀ ਸੜ ਗਿਆ ਹੈ ਅਤੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਹੈ।

ਅੱਗ ਵਿੱਚ ਜ਼ਖਮੀ ਹੋਈ ਸੁਖਦੇਵ ਦੀ ਪਤਨੀ ਨੇ ਕਿਹਾ ਕਿ ਉਸ ਦਾ ਪਤੀ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ। ਆਪਣੀ ਲਤ ਕਾਰਨ ਉਸ ਨੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਹੈ ਅਤੇ ਨਸ਼ਾ ਖਰੀਦਣ ਲਈ ਰੋਜ਼ਾਨਾ ਪੈਸੇ ਮੰਗਦਾ ਹੈ। ਜੇ ਉਸ ਨੂੰ ਪੈਸੇ ਨਹੀਂ ਮਿਲਦੇ ਤਾਂ ਉਹ ਆਪਣੇ ਪਰਿਵਾਰ ਨੂੰ ਵੀ ਕੁੱਟਦਾ ਹੈ। ਸੋਮਵਾਰ ਨੂੰ ਵੀ ਜਦੋਂ ਪਰਿਵਾਰ ਨੇ ਉਸ ਨੂੰ ਨਸ਼ੇ ਲਈ ਪੈਸੇ ਦੇਣ ਤੋਂ ਨਾਂਹ ਕੀਤੀ, ਤਾਂ ਉਸ ਨੇ ਪਹਿਲਾਂ ਝਗੜਾ ਕੀਤਾ ਅਤੇ ਫਿਰ ਆਪਣੇ ਆਪ ‘ਤੇ ਪੈਟਰੋਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਪਤਨੀ ਨੇ ਰੌਲਾ ਪਾਇਆ ਅਤੇ ਅੱਗ ਬੁਝਾਈ।
ਇਹ ਵੀ ਪੜ੍ਹੋ : ਪਾਣੀ ਦੇ ਮੁੱਦੇ ‘ਤੇ ਐਕਸ਼ਨ ‘ਚ ਮਾਨ ਸਰਕਾਰ, BBMB ਖਿਲਾਫ਼ ਪਹੁੰਚੀ ਹਾਈਕੋਰਟ
ਇਸ ਮਾਮਲੇ ਸਬੰਧੀ ਮੋਗਾ ਨਗਰ ਨਿਗਮ ਦੇ ਕੌਂਸਲਰ ਅਤੇ ਮੇਅਰ ਬਲਜੀਤ ਸਿੰਘ ਚੰਨੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਵਾਰਡ ਦੇ ਵਸਨੀਕ 38 ਸਾਲਾ ਸੁਖਦੇਵ ਸਿੰਘ ਨੇ ਆਪਣੇ ਉੱਪਰ ਪੈਟਰੋਲ ਪਾ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੀੜਤ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਹੈ ਅਤੇ ਕਈ ਵਾਰ ਇਲਾਜ ਕਰਵਾਉਣ ਤੋਂ ਬਾਅਦ ਵੀ ਉਹ ਇਸ ਆਦਤ ਨੂੰ ਨਹੀਂ ਛੱਡ ਸਕਿਆ। ਉਸ ਦੀ ਪਤਨੀ ਘਰ ਚਲਾਉਣ ਲਈ ਸਖ਼ਤ ਮਿਹਨਤ ਕਰਦੀ ਹੈ, ਪਰ ਉਸ ਦੇ ਪਤੀ ਦੇ ਨਸ਼ਿਆਂ ਦੀ ਲਤ ਨੇ ਪੂਰੇ ਪਰਿਵਾਰ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























