ਕੀਰਤਪੁਰ ਸਾਹਿਬ ਵਿਚ ਇੱਕ ਦਿਲ ਦਹਿਲਾਉਣ ਵਾਲਾ ਹਾਦਸਾ ਸਾਹਮਣੇ ਆਇਆ ਹੈ। ਨਸ਼ੇ ਵਿਚ ਧੁੱਤ ਇੱਕ ਚਾਲਕ ਨੇ ਸੜਕ ਕੰਢੇ ਪੈਦਲ ਜਾ ਰਹੇ 16 ਸਾਲ ਦੇ ਮੁੰਡੇ ਨੂੰ ਟੱਕਰ ਮਾਰ ਦਿੱਤੀ। ਦੋਸ਼ੀ ਡਰਾਈਵਰ ਨਸ਼ੇ ਵਿਚ ਸੀ ਅਤੇ ਤੇਜ਼ ਰਫ਼ਤਾਰ ਨਾਲ ਕਾਰ ਚਲਾ ਰਿਹਾ ਸੀ। ਇਸ ਭਿਆਨਕ ਹਾਦਸੇ ਵਿੱਚ ਗੁਰਤੇਜ ਸਿੰਘ (16) ਦੀ ਮੌਤ ਹੋ ਗਈ। ਇਹ ਹਾਦਸਾ ਪੰਜਾਬ ਦੇ ਕੀਰਤਪੁਰ ਸਾਹਿਬ ਨੇੜੇ ਗਰਦਾਲਾ ਪਿੰਡ ਦੇ ਬੱਸ ਅੱਡੇ ‘ਤੇ ਵਾਪਰਿਆ। ਇਸ ਭਿਆਨਕ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਅੱਲ੍ਹੜ ਦੀ ਮੌਤ ਹੋਈ ਹੈ।
ਇਹ ਘਟਨਾ ਐਤਵਾਰ ਸ਼ਾਮ 4 ਵਜੇ ਵਾਪਰੀ। ਨਸ਼ੇੜੀ ਕਾਰ ਡਰਾਈਵਰ ਰੋਪੜ ਦਾ ਰਹਿਣ ਵਾਲਾ ਪ੍ਰਭਜੀਤ ਸਿੰਘ ਹੈ। ਘਟਨਾ ਦੇ ਸਮੇਂ, ਦੋਸ਼ੀ ਆਪਣੀ ਕਰੇਟਾ ਕਾਰ ਵਿੱਚ ਕੀਰਤਪੁਰ ਸਾਹਿਬ ਵੱਲ ਆ ਰਿਹਾ ਸੀ। ਦੋਸ਼ੀ ਡਰਾਈਵਰ ਸ਼ਰਾਬੀ ਸੀ ਅਤੇ ਲਗਾਤਾਰ ਲਾਪਰਵਾਹੀ ਨਾਲ ਕਾਰ ਚਲਾ ਰਿਹਾ ਸੀ। ਉਸ ਦੇ ਪਿੱਛੇ ਦੂਜੀ ਕਾਰ ਵਿੱਚ ਸਵਾਰ ਇੱਕ ਬੰਦਾ ਉਸ ਦੀ ਲਾਪਰਵਾਹੀ ਦੀ ਵੀਡੀਓ ਬਣਾ ਰਿਹਾ ਸੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋਸ਼ੀ ਕਾਰ ਚਾਲਕ ਪਿੰਡ ਗਰਦਾਲਾ ਦੇ ਬੱਸ ਸਟੈਂਡ ਨੇੜੇ ਸੜਕ ਕੰਢੇ ਕਾਰ ਨਾਲ ਅੱਲ੍ਹੜ ਨੂੰ ਟੱਕਰ ਮਾਰਦਾ ਹੈ। ਕਾਰ ਨਾਲ ਟੱਕਰ ਹੋਣ ਕਾਰਨ ਅੱਲ੍ਹੜ ਹਵਾ ਵਿੱਚ ਕਈ ਫੁੱਟ ਉੱਪਰ ਉੱਡ ਗਿਆ ਅਤੇ ਸੜਕ ‘ਤੇ ਡਿੱਗ ਪਿਆ। ਜ਼ੋਰਦਾਰ ਟੱਕਰ ਕਾਰਨ ਕਾਰ ਦਾ ਬੋਨਟ ਵੀ ਟੁੱਟ ਗਿਆ। ਰੁਕਣ ਦੀ ਬਜਾਏ, ਦੋਸ਼ੀ ਡਰਾਈਵਰ ਨੇ ਆਪਣੀ ਕਾਰ ਭਜਾ ਲਈ ਅਤੇ ਮੌਕੇ ਤੋਂ ਭੱਜ ਗਿਆ। ਹਾਦਸੇ ਤੋਂ ਤੁਰੰਤ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਅੱਲ੍ਹੜ ਗੁਰਤੇਜ ਸਿੰਘ ਨੂੰ ਭਰਤਗੜ੍ਹ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਮੌਜੂਦ ਇੱਕ ਨੌਜਵਾਨ ਅਨਵਰ ਖਾਨ, ਜੋ ਬਾਬਾ ਬੁੱਢਣ ਸ਼ਾਹ ਦਰਗਾਹ ‘ਤੇ ਇੱਕ ਜਨਰਲ ਸਟੋਰ ਚਲਾਉਂਦਾ ਹੈ, ਨੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ। ਅਨਵਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਅਨਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਵਿੱਚ ਖੜ੍ਹਾ ਸੀ। ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਚਿੱਟੀ ਕ੍ਰੇਟਾ ਕਾਰ ਨੇ ਗੁਰਤੇਜ ਸਿੰਘ ਨੂੰ ਬਹੁਤ ਜ਼ੋਰ ਨਾਲ ਟੱਕਰ ਮਾਰ ਦਿੱਤੀ। ਕਾਰ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਗੁਰਤੇਜ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਥਾਰ ਵਾਲੀ ਕਾਂਸਟੇਬਲ ਅਮਨਦੀਪ ਕੌਰ ਦਾ ਗਾਇਕਾ ਅਫਸਾਨਾ ਖਾਨ ਨਾਲ ਜੁੜਿਆ ਕਨੈਕਸ਼ਨ, ਜਾਣੋ ਪੂਰਾ ਮਾਮਲਾ
ਅਨਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੁਰਤੇਜ ਸਿੰਘ ਨੂੰ ਜਾਣਦਾ ਹੈ। ਉਸ ਦੇ ਪਿਤਾ ਦਾ ਨਾਮ ਅਸ਼ੋਕ ਕੁਮਾਰ ਹੈ ਅਤੇ ਉਹ ਪਿੰਡ ਛੋਟੀ ਝਕੀਆਂ ਦਾ ਰਹਿਣ ਵਾਲਾ ਸੀ। ਨੌਜਵਾਨ ਦੀ ਇੱਕ ਭੈਣ ਹੈ, ਗੁਰਤੇਜ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਨਵਰ ਦੇ ਬਿਆਨ ਦੇ ਆਧਾਰ ‘ਤੇ ਪੁਲਿਸ ਨੇ ਕਾਰ ਚਾਲਕ ਪ੍ਰਭਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























