ਲੁਧਿਆਣਾ ਦੇ ਇੱਕ ਹੋਜਰੀ ਮਾਲਕ ਨੇ ਆਪਣੀ ਪਤਨੀ ਸਣੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗਾਂਧੀਨਗਰ ਥੋਕ ਬਾਜ਼ਾਰ ਦੀ ਮਸ਼ਹੂਰ ਪੰਚਰਤਨ ਹੌਜ਼ਰੀ ਦੇ ਮਾਲਕ ਅਤੇ ਉਸਦੀ ਪਤਨੀ ਨੇ ਵੀਰਵਾਰ ਸਵੇਰੇ ਫੈਕਟਰੀ ਦੇ ਹੇਠਾਂ ਦੁਕਾਨ ਦੇ ਅੰਦਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ‘ਤੇ ਪਹੁੰਚਿਆ। ਉਸ ਨੇ ਦੇਖਿਆ ਕਿ ਉਸ ਦੇ ਮਾਤਾ-ਪਿਤਾ ਉਥੇ ਪਏ ਹੋਏ ਸਨ। ਜਦੋਂ ਪੁੱਤਰ ਨੇ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ। ਪੁੱਤਰ ਤੁਰੰਤ ਦੋਵਾਂ ਨੂੰ ਡੀਐਮਸੀ ਹਸਪਤਾਲ ਲੈ ਗਿਆ, ਜਿੱਥੇ ਦੋਵਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਜਸਬੀਰ ਸਿੰਘ (60) ਅਤੇ ਕੁਲਦੀਪ ਕੌਰ (59) ਵਜੋਂ ਹੋਈ ਹੈ। ਪਰਿਵਾਰ ਨੇ ਤੁਰੰਤ ਡਿਵੀਜ਼ਨ ਨੰਬਰ 4 ਪੁਲਿਸ ਸਟੇਸ਼ਨ ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਬੈਂਕ ਅਧਿਕਾਰੀਆਂ ਤੋਂ ਪ੍ਰੇਸ਼ਾਨ ਹੋ ਕੇ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ।

ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਨੇ ਬੈਂਕ ਤੋਂ 2.35 ਕਰੋੜ ਦਾ ਕਰਜ਼ਾ ਲਿਆ ਸੀ, ਜਿਸ ਦੀ ਕਿਸ਼ਤ ਹਰ ਮਹੀਨੇ ਸਵਾ ਦੋ ਲੱਖ ਸੀ। ਇਸ ਲੋਨ ਦੀਆਂ 55 ਕਿਸ਼ਤਾਂ ਉਹ ਸਮੇਂ ‘ਤੇ ਦੇ ਚੁੱਕੇ ਸਨ ਪਰ ਜੂਨ ਮਹੀਨੇ ਦੀ ਕਿਸ਼ਤ ਨਹੀਂ ਦਿੱਤੀ ਗਈ ਸੀ।ਦੋਸ਼ ਹੈਕਿ ਰਿਕਵਰੀ ਵਾਲੇ ਕਰਮਚਾਰੀ ਵਪਾਰੀ ਨੂੰ ਲਗਾਤਾਰ ਫੋਨ ਕਰਕੇ ਕਿਸ਼ਤ ਜਮ੍ਹਾ ਕਰਵਾਉਣ ਲਈ ਕਹਿ ਰਹੇ ਸਨ ਤੇ ਇਸ ਹਫਤੇ ਘਰ ਆ ਕੇ ਵੀ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕਰ ਰਹੇ ਸਨ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਇਸ ਵਿੱਚ ਉਸ ਨੇ ਬੈਂਕ ਵਾਲਿਆਂ ਵੱਲੋਂ ਦਿੱਤੀਆਂ ਜਾ ਰਹੀਆਂ ਪਰੇਸ਼ਾਨੀਆਂ ਅਤੇ ਧਮਕੀਆਂ ਦਾ ਜ਼ਿਕਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਫਿਲਹਾਲ ਪੁਲਿਸ ਨੇ ਸਭ ਕੁਝ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ।
ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਪੁਲਿਸ ਨੇ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਗੌਸ਼ਾਲਾ ਰੋਡ ‘ਤੇ ਹਰਬੰਸਪੁਰਾ ਇਲਾਕੇ ਵਿੱਚ ਰਹਿਣ ਵਾਲੇ ਜਸਵੀਰ ਸਿੰਘ ਦੀ ਗਾਂਧੀਨਗਰ ਮਾਰਕੀਟ ਵਿੱਚ ਪੰਚਰਤਨ ਹੌਜ਼ਰੀ ਨਾਮ ਦੀ ਇੱਕ ਫੈਕਟਰੀ ਹੈ ਅਤੇ ਉਸ ਦੀ ਦੁਕਾਨ ਫੈਕਟਰੀ ਦੇ ਬਿਲਕੁਲ ਹੇਠਾਂ ਹੈ। ਕੁਝ ਸਮਾਂ ਪਹਿਲਾਂ ਉਸਨੇ ਇੱਕ ਨਿੱਜੀ ਬੈਂਕ ਤੋਂ ਢਾਈ ਕਰੋੜ ਦਾ ਕਰਜ਼ਾ ਲਿਆ ਸੀ। ਲਗਭਗ ਇੱਕ ਹਫ਼ਤਾ ਪਹਿਲਾਂ, ਬੈਂਕ ਵਾਲੇ ਘਰ ਆਏ। ਉਨ੍ਹਾਂ ਨੇ ਬਜ਼ੁਰਗ ਜੋੜੇ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕ/ਤ/ਲ, ਬਾਈਕ ਸਵਾਰਾਂ ਨੇ ਅੰਨ੍ਹੇਵਾਹ ਚਲਾਈਆਂ ਗੋ/ਲੀ/ਆਂ
ਜਦੋਂ ਜਸਵੀਰ ਸਿੰਘ ਦੇ ਪੁੱਤਰ ਨੇ ਦਖਲ ਦਿੱਤਾ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਵੀ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦਾ ਘਰ ਹੜੱਪਣ ਦੀ ਗੱਲ ਵੀ ਕੀਤੀ। ਬੈਂਕ ਵਾਲਿਆਂ ਵੱਲੋਂ ਬਦਸਲੂਕੀ ਕਰਨ ਤੋਂ ਬਾਅਦ ਜਸਵੀਰ ਸਿੰਘ ਅਤੇ ਉਸ ਦੀ ਪਤਨੀ ਬਹੁਤ ਪਰੇਸ਼ਾਨ ਸਨ।
ਵੀਡੀਓ ਲਈ ਕਲਿੱਕ ਕਰੋ -:
























